Oct 31, 2024

Diwali in Punjabi Folklore - ਪੰਜਾਬੀ ਲੋਕ ਧਾਰਾ ਵਿਚ ਦੀਵਾਲੀ

 

Artical by Jasbir Wattanwali : Diwali in Punjabi Folklore

ਪੰਜਾਬੀ ਲੋਕ ਧਾਰਾ ਵਿਚ ਦੀਵਾਲੀ

 ਪੰਜਾਬੀ ਲੋਕ ਧਾਰਾ ਵਿੱਚ ਦੀਵਾਲੀ ਦਾ ਵਿਸ਼ੇਸ਼ ਸਥਾਨ ਹੈ। ਭਾਰਤ ਵਿੱਚ ਦੀਵਾਲੀ ਕਈ ਸਦੀਆਂ ਤੋਂ ਮਨਾਈ ਜਾਂਦੀ ਹੈ ਅਤੇ ਜਿਸ ਦਾ ਸਬੰਧ ਅਯੁਧਿਆ ਦੇ ਰਾਜਾ ਰਾਮ ਚੰਦਰ ਅਤੇ ਹਿੰਦੂ ਧਰਮ ਦੀਆਂ ਮਾਨਤਾਵਾਂ ਨਾਲ ਹੈ। ਹੁਣ ਤੱਕ ਹਜ਼ਾਰਾਂ ਲੇਖਕਾਂ ਨੇ ਰਾਜਾ ਰਾਮ ਚੰਦਰ ਅਤੇ ਰਾਵਣ ਦੀ ਕਹਾਣੀ ਨੂੰ ਵੱਖ-ਵੱਖ ਸਾਹਿਤ ਰੂਪਾਂ ਵਿੱਚ ਉਲੀਕਣ ਦਾ ਯਤਨ ਕੀਤਾ ਹੈ। ਇਸ ਸਭ ਸਦਕਾ ਪੰਜਾਬੀ ਲੋਕ ਧਾਰਾ ਵਿੱਚ ਦੀਵਾਲੀ ਦਾ ਜ਼ਿਕਰ ਹਰ ਸਾਹਿਤ ਰੂਪ ਵਿੱਚ ਮਿਲਦਾ ਹੈ। ਇਸ ਲੇਖ ਵਿੱਚ ਤੁਸੀਂ ਪੰਜਾਬੀ ਲੋਕ ਧਾਰਾ ਵਿੱਚ ਦੀਵਾਲੀ ਦਾ ਜ਼ਿਕਰ ਕਿਵੇਂ ਅਤੇ ਕਿੱਥੇ-ਕਿੱਥੇ ਹੋਇਆ ਇਸ ਨੂੰ ਪੜੋਗੇ।

ਲੋਕ ਗੀਤ ਬਾਰਾਂ ਮਾਹ ਵਿੱਚ ਦੀਵਾਲੀ ਦਾ ਜ਼ਿਕਰ 

ਅੱਸੂ ਨਾ ਜਾਈ ਚੰਨਾ, ਪਿਤਰ ਮਨਾਵਣੇ 

ਕੱਤੇ ਨ ਜਾਈ ਚੰਨਾ ਬਲਣ ਦੀਵਾਲੀਆਂ 

ਦੇਖੋ ਹੋਰ ਨਮੂਨਾ 

ਚੜ੍ਹਿਆ ਮਹੀਨਾ ਕੱਤਕ, ਮਾਹੀ ਮੇਰਾ ਅਟਕ, ਕਿ ਆਈ ਦੀਵਾਲੀ ਏ 

ਪੀਆ ਵਸੇ ਪਰਦੇਸ.... ਕੀ ਦੀਵੇ ਬਾਲੀਏ?

ਦੇਖੋ ਹੋਰ ਲੋਕ ਗੀਤ 

ਕੱਤਕ ਦੇ ਮਹੀਨੇ ਵੇ ਦੀਵਾਲੀ ਆਈ 

ਜਿਨ੍ਹਾਂ ਘਰ ਲਾਲ ਤਿਨ੍ਹਾਂ ਧਰੀ ਕੜਾਹੀ 

ਲਾਲ ਲਈ ਮੈਂ ਪਕਾਏ ਸੱਤ ਪਕਵਾਨ ਨੀ 

ਘਰ ਮੁੜ ਆਵੇ ਮੇਰੇ ਅੰਤਰਜਾਮੀਂ।

ਪੰਜਾਬੀ ਅਖਾਣਾ ਵਿੱਚ ਦੀਵਾਲੀ ਦਾ ਜ਼ਿਕਰ 

ਨਿੱਤ ਦੀਵਾਲੀ ਸਾਧ ਦੀ, ਚੱਤੋ ਪਹਿਰ ਬਸੰਤ। 

ਦੇਖੋ ਹੋਰ ਅਖਾਣ ਵੰਨਗੀ-

ਮੀਂਹ ਵਸੇ ਦੀਵਾਲੀ, ਜੇਹਾ ਫੌਜੀ ਤੇਹਾ ਹਾਲੀ 

ਦੇਖੋ ਮਸ਼ਹੂਰ ਅਖਾਣ-

ਦਾਲ ਰੋਟੀ ਘਰ ਦੀ ਤੇ ਦੀਵਾਲੀ ਅੰਮ੍ਰਿਤਸਰ ਦੀ

ਪੰਜਾਬੀ ਗੀਤਾਂ ਵਿੱਚ ਦਿਵਾਲੀ 

ਪੰਜਾਬੀ ਗੀਤਾਂ ਵਿੱਚ ਵੀ ਦਿਵਾਲੀ ਦਾ ਅਨੇਕਾਂ ਥਾਵਾਂ ਤੇ ਜ਼ਿਕਰ ਮਿਲਦਾ ਹੈ ਜਿਵੇਂ ਕਿ -

ਰਹੀਆਂ ਨਾ ਦੀਵਾਲੀਆਂ, ਨਾ ਰਹੀਆਂ ਲੋਹੜੀਆਂ 

ਤੇਰੇ ਬਾਜੋ ਹੋਈਆਂ ਨੀ ਬੇਰੰਗ ਹੋਲੀਆਂ 

ਜਾਂ

ਹਰ ਦਿਨ ਚੜ੍ਹਨਾ ਦਸਮੀਂ ਵਰਗਾ, 

ਹਰ ਰਾਤ ਦੀਵਾਲੀ ਹੋਣਗੀਆਂ।

ਕਵਿਤਾਵਾਂ ਵਿੱਚ ਦੀਵਾਲੀ 

ਗਿਆਨੀ ਗੁਰਮੁਖ ਸਿੰਘ ਮੁਸਾਫਰ ਨੇ ਆਪਣੀ ਕਵਿਤਾ ਦਿਵਾਲੀ ਵਿੱਚ ਇਸ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ-


ਅੱਜ ਦੀ ਰਾਤ ਦੀਵਿਆਂ ਵਾਲੀ 

ਪਰ ਆਕਾਸ਼ ਦੀਵਿਓ ਖਾਲੀ 

ਮੱਸਿਆ ਛਾਈ ਘੁੱਪ ਹਨੇਰਾ 

ਅੰਧਕਾਰ ਹੈ ਚਾਰ ਚੁਫੇਰਾ 

ਦਿਲ ਮੇਰਾ ਚਾਨਣ ਤੋਂ ਖਾਲੀ 

ਕਾਹਦੀ ਰਾਤ ਦੀਵਿਆਂ ਵਾਲੀ 

ਉਹ ਲੋਕ ਦੀਵਾਲੀ ਮਾਨਣ 

ਦਿਨ ਨੂੰ ਵੀ ਜਿੱਥੇ ਨਹੀਂ ਚਾਨਣ 

ਦੀਵੇ ਬਲੇ ਦੀਵਾਲੀ ਆਈ 

ਮਨ ਮੇਰੇ ਨੂੰ ਧੁੜਕੀ ਲਾਈ

.....

ਦੀਵੇ ਬਲੇ ਦਿਵਾਲੀ ਆਈ 

ਪਰ ਮੇਰੇ ਮਨ ਨੂੰ ਨਾ ਭਾਈ

ਦੇਖੋ ਹੋਰ ਨਮੂਨਾ- 

ਰਾਮ ਦੀਵਾਲੀ ਐਸੀ ਆਵੇ, 

ਤਨ ਮਨ ਚਾਨਣ ਵਿਚ ਰੁਸ਼ਨਾਵੇ 

ਰਾਵਣ ਮਰਨ ਦਿਲਾਂ ਦੇ ਅੰਦਰੋਂ 

ਕੁਦਰਤ ਵਣ ਤ੍ਰਿਣ ਖਿਲੇ-ਖਿਲਾਵੇ

ਸਵੈ ਰਚਨਾ

ਬਾਲ

ਕਹਾਣੀ ਸਾਹਿਤ ਵਿੱਚ ਦੀਵਾਲੀ

ਪੰਜਾਬੀ ਕਹਾਣੀ ਸਾਹਿਤ ਵਿੱਚ ਦਿਵਾਲੀ ਦਾ ਜ਼ਿਕਰ ਬੇਸ਼ੁਮਾਰ ਹੋਇਆ ਹੈ। ਉਦਾਹਰਨ ਵਜੋਂ ਖਵਾਜਾ ਅਹਿਮਦ ਅੱਬਾਸ ਦੀ ਕਹਾਣੀ ਦੀਵਾਲੀ ਦੇ ਥੀਮ ਉੱਤੇ ਹੀ ਕੇਂਦਰਿਤ ਹੈ। ਇਸ ਕਹਾਣੀ ਦਾ ਨਾਮ ਹੈ 'ਦੀਵਾਲੀ ਦੇ ਤਿੰਨ ਦੀਵੇ'। ਇਸ ਕਹਾਣੀ ਵਿੱਚ ਲੇਖਕ ਦਿਵਾਲੀ ਵਾਲੇ ਦਿਨ ਦੌਰਾਨ ਸਮਾਜ ਦੇ ਅਮੀਰ, ਮਧਲੇ, ਅਤੇ ਗਰੀਬ ਤਬਕੇ ਦੇ ਘਰ ਜਗਦੇ ਦੀਵਿਆਂ ਦਾ ਪ੍ਰਤੀਕਾਤਮਕ ਜ਼ਿਕਰ ਕਰਦਿਆਂ ਕਹਾਣੀ ਉਸਾਰਦਾ ਹੈ।

ਇਸੇ ਤਰ੍ਹਾਂ ਸਿਆਦਤ ਹਸਨ ਮੰਟੋ ਦੀ ਕਹਾਣੀ 'ਦੀਵਾਲੀ ਦੇ ਦੀਵੇ' ਵੀ ਦੀਵਾਲੀ ਦੇ ਥੀਮ ਉੱਤੇ ਕੇਂਦਰਿਤ ਹੈ।

ਕਾਣੀ ਦਿਵਾਲੀ ਮਨਾਉਣ ਦਾ ਰਿਵਾਜ

ਪੰਜਾਬੀ ਲੋਕ ਰੀਤਾਂ ਵਿੱਚ ਕਾਣੀ ਦੀਵਾਲੀ ਮਨਾਉਣ ਦਾ ਵੀ ਖਾਸ ਜਿਕਰ ਮਿਲਦਾ ਹੈ। ਪੰਜਾਬੀ ਪੀਡੀਆ ਤੇ ਉਪਲਭਦ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਪੁਰਾਣੇ ਸਮੇਂ ਇਹ ਰੀਤ ਪ੍ਰਚਲਤ ਸੀ ਜਿਸ ਦੇ ਤਹਿਤ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਕਾਣੀ ਦਿਵਾਲੀ ਮਨਾਈ ਜਾਂਦੀ ਸੀ। ਇਸ ਦਿਨ ਘਰ ਵਿੱਚ ਸਿਰਫ ਇੱਕ ਦੀਵਾ ਬਾਲਿਆ ਜਾਂਦਾ ਸੀ ਅਤੇ ਉਸ ਦੀਵੇ ਦੇ ਤੇਲ ਵਿੱਚ ਕਾਣੀ ਕੌਡੀ ਪਾ ਕੇ ਰੱਖੀ ਜਾਂਦੀ ਸੀ। ਦੀਵੇ ਨੂੰ ਅਜਿਹੀ ਥਾਂ ਤੇ ਰੱਖਿਆ ਜਾਂਦਾ ਸੀ ਜਿੱਥੋਂ ਘਰ ਦਾ ਪਾਣੀ ਬਾਹਰ ਵਹਿੰਦਾ ਹੋਵੇ। ਇਸ ਸਬੰਧੀ ਇਹ ਵਿਸ਼ਵਾਸ ਪ੍ਰਚਲਿਤ ਸੀ ਕਿ ਇਸ ਪੂਜਾ ਨਾਲ ਘਰ ਚੋਂ ਦਲਿਦਰ, ਗਰੀਬੀ ਅਤੇ ਬੁਰੀਆਂ ਸ਼ਕਤੀਆਂ ਅਤੇ ਬੁਰੀਆਂ ਰੂਹਾਂ ਬਾਹਰ ਨਿਕਲੀਆਂ ਜਾਂਦੀਆਂ ਹਨ।

ਦੀਵਾਲੀ ਦਾ ਸਿੱਖ ਇਤਿਹਾਸ ਨਾਲ ਸੰਬੰਧ  ਅਤੇ ਬੰਦੀਛੋੜ ਦਿਵਸ

ਦੀਵਾਲੀ ਦਾ ਸਿੱਖ ਇਤਿਹਾਸ ਨਾਲ ਵੀ ਖਾਸ ਸਬੰਧ ਜੁੜਦਾ ਹੈ। ਇਤਿਹਾਸ ਮੁਤਾਬਕ ਮੁਗਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ। ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸੇ ਦਿਨ ਹੀ ਗੁਆਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਆਪਣੀ ਰਿਹਾਈ ਮੌਕੇ ਜਹਾਂਗੀਰ ਅੱਗੇ ਖਾਸ ਸ਼ਰਤ ਰੱਖੀ ਸੀ ਕਿ ਉਹ ਤਾਂ ਜੇਲ੍ਹ ਵਿੱਚੋਂ ਬਾਹਰ ਜਾਣਗੇ ਜੇਕਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ 52 ਰਾਜੇ, ਜੋ ਕਿ ਕੈਦੀ ਬਣਾ ਕੇ ਰੱਖੇ ਹੋਏ ਸਨ, ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਇਸ ਤੋਂ ਬਾਅਦ ਜਹਾਂਗੀਰ ਨੇ ਗੁਰੂ ਜੀ ਅੱਗੇ ਇਹ ਸ਼ਰਤ ਰੱਖ ਦਿੱਤੀ ਕਿ ਜਿੰਨੇ ਕੈਦੀ ਉਹਨਾਂ ਦਾ ਪੱਲਾ ਫੜ ਕੇ ਜਾ ਸਕਦੇ ਹਨ, ਉਹ ਰਿਹਾ ਕਰਵਾ ਕੇ ਲੈ ਜਾਣ। 

ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਇੱਕ ਚੋਲਾ ਸਿਲਾਈ ਕਰਵਾਇਆ ਅਤੇ 52 ਰਾਜਿਆਂ ਨੂੰ ਉਹ ਕਲੀਆਂ ਫੜਾ ਕੇ ਭਾਵ ਤਣੀਆਂ ਫੜਾ ਕੇ ਜੇਲ ਤੋਂ ਰਿਹਾ ਕਰਵਾ ਕੇ ਲੈ ਗਏ ਸਨ। ਇਤਿਹਾਸ ਮੁਤਾਬਿਕ ਗੁਰੂ ਸਾਹਿਬ ਜਦੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪੁੱਜੇ ਤਾਂ ਬਾਬਾ ਬੁੱਢਾ ਜੀ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਕਿ ਸਮੁੱਚੇ ਹਰਿਮੰਦਰ ਸਾਹਿਬ ਵਿੱਚ ਅਤੇ ਸਮੁੱਚੇ ਸਰੋਵਰ ਦੇ ਦੁਆਲੇ ਦੀਪ ਮਾਲਾ ਕੀਤੀ ਜਾਵੇ। ਇਸ ਤੋਂ ਬਾਅਦ ਹੀ ਸਿੱਖ ਸੰਗਤਾਂ ਵੀ ਦੀਵਾਲੀ ਦਾ ਤਿਉਹਾਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੀਆਂ ਆ ਰਹੀਆਂ ਹਨ। ਇਸ ਤੋਂ ਬਾਅਦ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੰਦੀਛੋੜ ਸਬੰਧੀ ਭਾਈ ਗੁਰਦਾਸ ਜੀ ਆਪਣੀ ਵਾਰ ਵਿਚ ਲਿਖਦੇ ਹਨ ਕਿ-


ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।।

ਗੁਰਮੁਖਿ ਮਨ ਅਪਿਤੀਜੁ ਪਤੀਣਾ।।

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਦੀਵਾਲੀ ਅਤੇ ਦੀਵੇ ਦਾ ਸੰਕਲਪ 

ਦੀਵਾਲੀ ਸ਼ਬਦ ਅਤੇ ਦਿਵਾਲੀ ਸੰਕਲਪ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਕੀਤਾ ਹੈ ਜਿਵੇਂ ਕਿ ਦੇਖੋ ਵਨਗੀ -

ਦੀਵਾਲੀ ਕੀ ਰਾਤਿ ਦੀਵੇ ਬਾਲੀਅਨਿ।

ਤਾਰੇ ਜਾਤਿ ਸੁਨਾਤਿ ਅੰਬਰ ਭਾਲੀਅਨਿ ।

ਫੁੱਲਾਂ ਦੀ ਬਾਗਾਤਿ ਚੁਣ ਚੁਣ ਚਾਲਿਅਨਿ।

ਤੀਰਥ ਜਾਤੀ ਜਾਤਿ ਨੈਣਿ ਨਿਹਾਲੀਅਨਿ।

ਹਰਿ ਚੰਦਉਰੀ ਝਾਤ ਵਸਾਇ ਉਚਾਲੀਅਨਿ।

ਗੁਰਮੁਖਿ ਸੁਖ ਫਲ ਦਾਤਿ ਸ਼ਬਦ ਸਮਾਲੀਅਨਿ।


ਸਿਰਲੇਖ- 

ਇਸ ਤਰ੍ਹਾਂ ਦੀਵਾਲੀ ਦਾ ਸੰਕਲਪ ਸਾਡੇ ਹਰ ਸਾਹਿਤ ਰੂਪ ਵਿੱਚੋਂ ਝਲਕਦਾ ਹੈ। ਉਹ ਅਖਾਣ ਹੋਣ, ਕਹਾਣੀ ਹੋਵੇ , ਗੀਤ ਹੋਣ, ਕਵਿਤਾਵਾਂ ਹੋਣ , ਵਾਰਾਂ ਹੋਣ,  ਬਾਰਾਂ ਮਾਹ ਹੋਵੇ, ਸਿੱਖ ਇਤਿਹਾਸ ਹੋਵੇ ਜਾਂ ਮਿਥਿਹਾਸ ਹੋਵੇ ਹਰ ਸਾਹਿਤ ਰੂਪ ਦੀਵਾਲੀ ਦਾ ਜਿਕਰ ਮਿਲਦਾ ਹੈ।






https://jasbirwattanwalia.blogspot.com/


Oct 24, 2024

Khasam keeta Fatta - Punjabi Poetry - ਖ਼ਸਮ ਕੀਤਾ ਫੱਤਾ

Khasam keeta Fatta - ਖ਼ਸਮ ਕੀਤਾ ਫੱਤਾ - Punjabi Poetry

Farmers are crying, and the darkness is increasing, what is the change of power?


 ਖ਼ਸਮ ਕੀਤਾ ਫੱਤਾ 

 ਖ਼ਸਮ ਕੀਤਾ ਫੱਤਾ 

ਉਹੀ ਚੱਕੀ ਤੇ ਉਹੀ ਹੱਥਾ 

ਮੰਡੀਆਂ ਦੇ ਵਿੱਚ ਲੰਘੂ ਦਿਵਾਲੀ 

ਲੰਘ ਗਿਆ, ਅੱਸੂ, ਕੱਤਾ 

ਉਹੀ ਚੱਕੀ ਤੇ ਉਹੀ ਹੱਥਾ 


ਫਸਲਾਂ ਰੁਲਦੀਆਂ, ਤੁਲਦੀਆਂ ਨਾਹੀਂ 

ਤੋਲੇ ਬੋਲਣ ਤੱਤਾ 

ਉਹੀ ਚੱਕੀ ਤੇ ਉਹੀ ਹੱਥਾ 


ਨੇਰ੍ਹ ਗਰਦੀਆਂ, ਹੋਰ ਵੱਧਗੀਆਂ 

ਕਾਹਦੀ ਬਦਲੀ ਸੱਤਾ 

ਉਹੀ ਚੱਕੀ ਤੇ ਉਹੀ ਹੱਥਾ 


ਧਾਤਾ-ਧਾਤਾ, ਚਾਰ-ਚੁਫੇਰੇ 

ਹਰ ਥਾਂ ਤੱਤਾ, ਥੱਥਾ, 

ਉਹੀ ਚੱਕੀ ਤੇ ਉਹੀ ਹੱਥ 


‘ਵਾਟਾਂਵਾਲੀਆ’ ਕੀ ਕਹੀਏ ਹੁਣ ?

ਕੀਹਨਾਂ ਲਾਈਏ ਮੱਥਾ 

ਉਹੀ ਚੱਕੀ ਤੇ ਉਹੀ ਹੱਥਾ।


ਜਸਬੀਰ ਵਾਟਾਂਵਾਲੀਆ


ਕਲਯੁਗਨਾਮਾ’ ਮਹਾਕਾਵਿ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ


https://jasbirwattanwalia.blogspot.com/

Oct 21, 2024

Let me Tell Maharaja Ranjit Singh - ਅੱਜ ਆਖਾਂ ਸਿੰਘ ਰਣਜੀਤ ਨੂੰ...

Let me Tell Maharaja Ranjit Singh 

Punjabi Poetry by Jasbir Wattanwalia : I asking to Maharaja Ranjit Singh


ਅੱਜ ਆਖਾਂ ਸਿੰਘ ਰਣਜੀਤ ਨੂੰ... ਉੱਠ ਤੱਕ ਆਪਣਾ ਪੰਜਾਬ 

ਅੱਜ ਆਖਾਂ ਸਿੰਘ ਰਣਜੀਤ ਨੂੰ 

ਉੱਠ ਤੱਕ ਆਪਣਾ ਪੰਜਾਬ 

ਕਿੰਝ ਉਹਨਾਂ ਮਿੱਧਿਆ-ਮਸਲਿਆ 

ਸਾਡਾ ਸੋਹਣਾ ਫੁੱਲ ਗੁਲਾਬ 


ਹਾਏ ਜਦੋਂ ਤੂੰ ਅੱਖਾਂ ਮੀਟੀਆਂ 

ਉਹ ਆ ਗਏ ਘੱਤ ਵਹੀਰ 

ਇਹਦੇ ਟੋਟੇ-ਟੋਟੇ ਕਰ ਗਏ 

ਇਹਦਾ ਅੰਗ-ਅੰਗ ਦਿੱਤਾ ਚੀਰ 


ਵੇ ਅੱਜ ਕੱਖੋਂ ਹੌਲੀ ਹੋ ਗਈ 

ਤੇਰੀ ਚੜ੍ਹਤ ਨਵਾਬੀ ਟੌਹਰ 

ਵੇ ਸਾਥੋਂ ਖੁੱਸ ਗਏ ਕੋਟ ਤੇ ਕਾਂਗੜੇ, 

ਸਾਥੋਂ ਖੁੱਸ ਗਏ ਲੌਹਰ-ਪਿਛੌਰ


ਵੇ ਫਿਰ ਸਿਰ ਅਬਦਾਲੀ ਚੁੱਕਦੇ

ਉਨਾਂ ਦਿਲ ਚੋਂ ਕੱਢਿਆ ਦਹਿਲ

ਵੇ ਤੇਰੇ ਨਲੂਏ, ਆਹਲੂਵਾਲੀਏ

ਦੱਸ ਕਿੱਥੇ ਗਏ ਜਰਨੈਲ ?


ਵੇ ਫਿਰ ਧਿਆਨ ਚੰਦ ਜਹੇ ਡੋਗਰੇ

ਨਿੱਤ ਲਾਉਂਦੇ ਨਵੀਂ ਕਲੀਖ

ਵੇ ਫਿਰ ‘ਈਸਟ ਇੰਡੀਆ ਕੰਪਨੀ’

ਸਾਡੀ ਬਣ ਗਈ ਨਵੀਂ ਸ਼ਰੀਕ....


ਵੇ ਉਦੋਂ ਇੱਕ ਸ਼ਹਿਜ਼ਾਦਾ ਲੈ ਗਏ 

ਸਾਡੀ ਨਿਕਲ ਗਈ ਸੀ ਚੀਕ 

ਅੱਜ ਕਰ-ਕਰ ਆਇਲਟਸ ਚਲੇ ਗਏ 

ਸਾਡੇ ਲੱਖਾਂ ਸਿੰਘ ਦਲੀਪ 

ਸਾਡੇ ਲੱਖਾਂ ਸਿੰਘ ਦਲੀਪ


ਜਸਬੀਰ ਵਾਟਾਂਵਾਲੀਆ


ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ


ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ


https://jasbirwattanwalia.blogspot.com/

Oct 20, 2024

Well - ਪੰਜਾਬੀ ਲੋਕ ਧਾਰਾ ’ਚ ਖੂਹ ਦਾ ਬਾਕਮਾਲ ਵਰਨਣ, ਗੁਰਬਾਣੀ ’ਚ ਵੀ ਖਾਸ ਜਿਕਰ

Articla by Jasbir Wattawali : Well in Punjabi Folklore


ਪੰਜਾਬੀ ਲੋਕ ਧਾਰਾ ਵਿੱਚ ਸਮੁੱਚੇ ਕਿੱਸੇ, ਕਹਾਣੀਆਂ, ਕਵਿਤਾਵਾਂ, ਬਾਤਾਂ, ਲੋਕ ਖੇਡਾਂ, ਟੱਪੇ, ਮਾਹੀਏ, ਸਿੱਠਣੀਆਂ, ਘੋੜੀਆਂ, ਸੁਹਾਗ, ਅਤੇ ਗੁਰਬਾਣੀ ਵਿੱਚ ਵੀ ਖੂਹ ਦਾ ਜ਼ਿਕਰ ਬਾਖੂਬੀ ਮਿਲਦਾ ਹੈ।

ਪੁਰਾਣੇ ਪੰਜਾਬ ਦਾ ਸਮੁੱਚਾ ਜੀਵਨ ਖੂਹ ਦੇ ਆਲੇ-ਦੁਆਲੇ ਕੇਂਦਰਿਤ ਸੀ। ਸ਼ਾਇਦ ਇਸੇ ਕਰਕੇ ਹੀ ਪੰਜਾਬੀ ਲੋਕਧਾਰਾ ਦੇ ਹਰ ਸਾਹਿਤ ਰੂਪ ਵਿੱਚ ਖੂਹ ਦਾ ਜ਼ਿਕਰ ਬਾਖੂਬੀ ਮਿਲਦਾ ਹੈ। ਪੰਜਾਬੀ ਲੋਕ ਧਾਰਾ ਵਿੱਚ ਸਮੁੱਚੇ ਕਿੱਸੇ, ਕਹਾਣੀਆਂ, ਕਵਿਤਾਵਾਂ, ਬਾਤਾਂ, ਲੋਕ ਖੇਡਾਂ, ਟੱਪੇ, ਮਾਹੀਏ, ਸਿੱਠਣੀਆਂ, ਘੋੜੀਆਂ, ਸੁਹਾਗ, ਅਤੇ ਗੁਰਬਾਣੀ ਵਿੱਚ ਵੀ ਖੂਹ ਦਾ ਜ਼ਿਕਰ ਬਾਖੂਬੀ ਮਿਲਦਾ ਹੈ। ਇਸ ਲੇਖ ਵਿੱਚ ਤੁਸੀਂ ਪੜੋਗੇ ਕਿ ਸਾਡਾ ਸਮੁੱਚਾ ਪੁਰਾਤਨ ਲੋਕ ਸਾਹਿਤ ਅਤੇ ਉਸ ਵਿੱਚੋਂ ਝਲਕਦਾ ਪੰਜਾਬੀ ਜੀਵਨ ਖੂਹ ਦੇ ਦੁਆਲੇ ਕਿੰਨਾ ਜ਼ਿਆਦਾ ਕੇਂਦਰਿਤ ਸੀ। ਦੇਖੇ ਸਮੁੱਚੇ ਪੰਜਾਬੀ ਲੋਕ ਸਾਹਿਤ ਵਿਚ ਕਿੰਨੀ ਰੂਹ ਨਾਲ ਕੀਤਾ ਗਿਆ ਹੈ ਖੂਹ ਜਿਕਰ-

ਖੂਹ ਦੇ ਨਾਲ ਜੁੜੇ ਲੋਕ ਗੀਤ, ਘੋੜੀਆਂ ਅਤੇ ਸੁਹਾਗ 

ਮਾਲਣ ਨੇ ਬਖਸ਼ਿਆ ਵੀਰਾ 

ਫੁੱਲਾਂ ਦਾ ਸਿਹਰਾ ਵੇ 

ਘੋੜਾ ਤਾਂ ਬੀੜੀਂ ਵੇ ਵੀਰਾ 

ਖੂਹੇ ਵੱਲ ਜਾਵੀਂ ਵੇ 

ਉਥੇ ਤਾਂ ਬੈਠੀ ਵੇ ਵੀਰਾ 

ਖੂਹੇ ਦੀ ਮਹਿਰਮ ਵੇ 

ਉਹਨੂੰ ਤਾਂ ਜਾ ਕੇ ਵੀਰਾ 

ਸੀਸ ਨਿਵਾਵੀਂ ਵੇ


ਸਿੱਠਣੀਆਂ ਦੇ ਵਿੱਚ ਖੂਹ ਦਾ ਜ਼ਿਕਰ 

ਵੇ ਸਿੱਠਣੀਆਂ ਦੀ ਪੰਡ ਬੰਨਦਿਆਂ ਜੀਜਾ 

ਵੇ ਕੋਈ ਦੋਹਰਿਆਂ ਨਾਲ ਭਰਦਿਆਂ ਖੂਹ 

ਤੂੰ ਵੀ ਕੋਈ ਦੋਹਾ ਜੋੜ ਲੈ ਜੀਜਾ 

ਨਹੀਂ ਤਾਂ ਛੱਡ ਜਾ ਪਿੰਡ ਦੀ ਜੂਹ 

ਵੇ ਸੁਣਦਿਆ ਕੰਨ ਕਰੀਂ 

ਛੱਡ ਜਾ ਪਿੰਡ ਦੀ ਜੂਹ 


ਜਾਂ ਇਹ ਵੀ ਕਿਹਾ ਜਾਂਦਾ ਸੀ ਕਿ 

ਜਾਂਞੀਓ-ਮਾਂਜੀਓ ਕਿਹੜੇ ਵੇਲੇ ਹੋਏ ਨੇ 

ਖਾ-ਖਾ ਰੱਜੇ ਨਾ ਢਿੱਡ ਨੇ ਕੇ ਟੋਏ ਨੇ 

ਨਿੱਕੇ ਨਿੱਕੇ ਮੂੰਹ ਨੇ ਢਿੱਡ ਨਹੀਂ ਕੇ ਖੂਹ ਨੇ

ਖਾ ਰਹੇ ਹੋ ਤਾਂ ਉੱਠੋ ਸਹੀ... 


ਹੇਰੇ / ਹੇਅਰੇ ਜਾਂ ਹੇਰਿਆਂ ਦੇ ਵਿੱਚ ਖੂਹ ਦਾ ਜਿਕਰ

ਵਿਆਹ ਮੌਕੇ ਜਾਂਞੀਆਂ ਦੇ ਨਾਲ ਸਵਾਲ-ਜਵਾਬ ਕਰਨ ਲਈ ਅਕਸਰ ਹੇਰੇ ਬੋਲੇ ਜਾਂਦੇ ਸਨ। ਇਨਾ ਹੇਰਿਆਂ ਦੇ ਵਿੱਚ ਵੀ ਖੂਹ ਦਾ ਜ਼ਿਕਰ ਮਿਲਦਾ ਹੈ। ਜਿਵੇਂ ਦੇਖੋ ਵੰਨਗੀ 


ਅੱਠ ਖੂਹ ਨੌਂ ਪਾੜਛੇ 

ਵਿੱਚ ਪਾਣੀ ਘੁੰਮਣ ਘੇਰ 

ਜੇ ਤੂੰ ਐਡਾ ਚਤਰ ਹੈਂ 

ਦੱਸ ਪਾਣੀ ਕਿੰਨੇ ਸੇਰ 

ਵੇ ਗਿਆਨੀਆਂ ਵੇ..

ਦਸ ਪਾਣੀ ਕਿੰਨੇ ਸੇਰ

ਉਹਦੇ ਉੱਤਰ ਵਿੱਚ ਅੱਗੋਂ ਕਿਹਾ ਜਾਂਦਾ ਸੀ 

ਅੱਠ ਖੂਹ ਨੌਂ ਪਾੜਛੇ 

ਵਿੱਚ ਪਾਣੀ ਘੁੰਮਣ ਘੇਰ 

ਜਿੰਨੇ ਤਾਰੇ ਅਰਸ਼ ਦੇ ਨੀ 

ਕੋਈ ਪਾਣੀ ਓਨੇ ਸੇਰ 

ਸਮਝ ਲੈ ਗਿਆਨਣੇਂ ਨੀ 

ਹੈ ਪਾਣੀ ਓਨੇ ਸੇਰ...


ਲੋਕ ਕਾਵਿ ਹੀਰ ਦੇ ਵਿਚ ਖੂਹ ਦਾ ਜ਼ਿਕਰ 

ਕੁੜੀਏ ਨੀ ਧਨੀਆ ਨੀ ਬੀਜੀਏ 

ਝੰਗ ਸਿਆਲਾਂ ਦੇ ਖੂਹ ’ਤੇ 

ਮੁੰਡਿਆ ਵੇ ਬੰਸਰੀ ਵਾਲਿਆ 

ਆ ਮਿਲੀਏ ਝੰਗ ਸਿਆਲਾਂ ਦੇ ਖੂਹ ’ਤੇ 


ਹੋਰ ਵੰਨਗੀ-

ਹੀਰੇ ਨੀ ਖਾਰਿਆਂ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ 

ਭਾਵੇਂ ਲੱਖਾਂ ਮਣਾਂ ਗੁੜ ਪਾਈਏ ਨੀ

ਲਾਡਲੀਏ ਅਲਬੇਲੀਏ ਹੀਰੇ 

ਤੈ ਪੰਛੀ ਰੱਖੇ ਕਵਾਰੇ ਨੀ


ਲੋਕ ਗੀਤਾਂ ਵਿੱਚ ਖੂਹ 

ਖੂਹੇ ’ਤੇ ਮੈਂ ਪਾਣੀ ਭਰਾਂ 

ਚੀਰੇ ਵਾਲਿਆ ਵੇ 

ਗਾਗਰ ਨੂੰ ਹੱਥ ਲਵਾ 

ਮੈਂ ਜਲ ਵੇ ਰਸੀਆ 

ਗਾਗਰ ਨੂੰ ਹੱਥ ਲਵਾ


ਜਾਂ 

ਦੇਈਂ ਵੇ ਬਾਬਲਾ ਓਸ ਘਰੇ 

ਜਿੱਥੇ ਵਗਣ ਦਵਾਟੇ ਖੂਹ 

ਠੰਡਾ-ਮਿੱਠਾ ਜਲ ਭਰਾਂ 

ਮੇਰੀ ਭਿੱਜੀ ਰਹੇ ਸਦਾ ਰੂਹ  

ਵੇ ਬਾਬਲਾ ਤੇਰਾ ਪੁੰਨ ਹੋਵੇ...


ਜਾਂ 

ਖੂਹ ’ਤੇ ਪਾਣੀ ਭਰਦੀ ਏ ਮੁਟਿਆਰੇ ਨੀਂ 

ਪਾਣੀ ਦਾ ਘੁੱਟ ਪਿਲਾ ਬਾਂਕੀਏ ਨਾਰੇ ਨੀਂ


ਲੋਕ ਗੀਤ ਛੱਲੇ ਦੇ ਵਿੱਚ ਖੂਹ ਦਾ ਜ਼ਿਕਰ 

ਲੋਕ ਗੀਤ ਛੱਲੇ ਦੇ ਵਿੱਚ ਖੂਹ ਦਾ ਜ਼ਿਕਰ ਅਨੇਕਾਂ ਵਾਰ ਹੋਇਆ ਹੈ, ਜਿਵੇਂ ਦੇਖੋ ਵਨਗੀਆਂ  

ਛੱਲਾ ਖੂਹ ’ਤੇ ਧਰੀਏ 

ਗੱਲਾਂ ਮੂੰਹ ’ਤੇ ਕਰੀਏ

ਜਾਂ

ਛੱਲਾ ਪਿਆ ਜੂਹ 'ਤੇ 

ਮਾਹੀ ਮਿਲਿਆ ਖੂਹ 'ਤੇ


ਛੱਲਾ ਸਾਵਾ ਤੂਤ ਏ 

ਲਗਾ ਆਵੀਂ ਖੂਹ ’ਤੇ

ਵੇ ਮੇਰੀ ਜਾਨ ਮਲੂਕ ਏ


ਟੱਪਿਆਂ ਵਿੱਚ ਖੂਹ ਦਾ ਜ਼ਿਕਰ

ਖੂਹੇ ’ਤੇ ਆ ਮਾਹੀਆ 

ਨਾਲੇ ਕੋਈ ਗੱਲ ਕਰ ਜਾ 

ਨਾਲੇ ਘੜਾ ਵੇ ਚੁੱਕਾ ਮਾਹੀਆ


ਬੋਲੀਆਂ ਦੇ ਵਿੱਚ ਖੂਹ ਦਾ ਜ਼ਿਕਰ 

ਤਾਰਾਂ..ਤਾਰਾਂ.. ਤਾਰਾਂ.. 

ਬੋਲੀਆਂ ਦਾ ਖੂਹ ਭਰਦਿਆਂ 

ਜਿਥੇ ਪਾਣੀ ਭਰਨ ਮੁਟਿਆਰਾਂ 

ਬੋਲੀਆਂ ਦੀ ਸੜਕ ਬੰਨ੍ਹਾ 

ਜਿੱਥੇ ਚਲਦੀਆਂ ਮੋਟਰ-ਕਾਰਾਂ 

ਬੋਲੀਆਂ ਦੀ ਰੇਲ ਭਰਾਂ 

ਜਿੱਥੇ ਦੁਨੀਆ ਚੜੇ ਹਜ਼ਾਰਾਂ 

ਬੋਲੀਆਂ ਦੀ ਕਿੱਕਰ ਭਰਾਂ 

ਜਿੱਥੇ ਕਾਟੋ ਲਵੇ ਬਹਾਰਾਂ 

ਬੋਲੀਆਂ ਦੀ ਨਹਿਰ ਭਰਾਂ 

ਜਿੱਥੇ ਵੱਗਦੇ ਮੋਗੇ ਨਾਲਾਂ 

ਜਿਉਂਦੀ ਮੈਂ ਮਰ ਗਈ 

ਕੱਢੀਆਂ ਜੇਠ ਨੇ ਗਾਹਲਾਂ..


ਦੇਖੇ ਹੋਰ ਵੰਨਗੀ-

ਸੁਣ ਨੀ ਕੁੜੀਏ ਮਛਲੀ ਵਾਲੀਏ 

ਮਛਲੀ ਨਾ ਚਮਕਾਈਏ 

ਖੂਹ ਟੋਬੇ ਤੇਰੀ ਹੋਵੇ ਚਰਚਾ 

ਚਰਚਾ ਨਾ ਕਰਵਾਈਏ 

ਨੀ ਧਰਮੀ ਬਾਬਲ ਦੀ 

ਪੱਗ ਨੂੰ ਲਾਜ ਨਾ ਲਾਈਏ


ਲੋਰੀਆਂ ਦੇ ਵਿੱਚ ਖੂਹ ਦਾ ਜ਼ਿਕਰ 

ਗੁੱਡੀ ਮੇਰੀ ਬੀਬੀ ਰਾਣੀ 

ਭਰ ਲਿਆਵੇ ਖੂਹੇ ਤੋਂ ਪਾਣੀ 

ਛਮ ਛਮ ਵਰਸਿਆ ਮੀਂਹ 

ਡਿੱਗ ਪਈ ਮੇਰੀ ਰਾਣੀ ਧੀ 

ਸੌਂ ਜਾ ਮੇਰੀ ਰਾਣੀ ਧੀ


ਲੋਕ ਖੇਡਾਂ ਦੇ ਵਿੱਚ ਖੂਹ ਦਾ ਜ਼ਿਕਰ 

ਪੰਜਾਬ ਦੀਆਂ ਅਨੇਕਾਂ ਲੋਕ ਖੇਡਾਂ ਦੇ ਵਿੱਚ ਵੀ ਖੂਹ ਦਾ ਜ਼ਿਕਰ ਮਿਲਦਾ ਹੈ। ਇਹਨਾਂ ਖੇਡਾਂ ਵਿੱਚੋਂ ਇੱਕ ਖੇਡ ਹੈ 'ਥਾਲ' ਉਸ ਵਿੱਚ ਖੂਹ ਦਾ ਜ਼ਿਕਰ ਬਖੂਬੀ ਕੀਤਾ ਗਿਆ ਹੈ। ਜਿਵੇਂ ਕਿ ਦੇਖੋ ਵੰਨਗੀ

ਖੂਹ ਵਿੱਚ ਪੌੜੀ, ਸੱਸ ਮੇਰੀ ਕੌੜੀ 

ਸਹੁਰਾ ਮੇਰਾ ਮਿੱਠਾ, ਲੈਲਪੁਰ ਡਿੱਠਾ 

ਲੈਲਪੁਰੇ ਦੀਆਂ ਕੁੜੀਆਂ ਆਈਆਂ 

ਨੰਦਕਾਰ ਨੂੰ ਨਾਲ ਲਿਆਈਆਂ 

ਨੰਦ ਕੌਰ ਦਾ ਗਿੱਟਾ ਭੱਜਾ 

ਹਿੰਗ ਜਵੈਣ ਲਾਈ 

ਤੂੰ ਨਾ ਲਾਈ ਮੈਂ ਨਾ ਲਾਈ 

ਲਾ ਗਿਆ ਇੱਕ ਕਸਾਈ 

ਤੇਰੇ ਪੇਕਿਆਂ ਦਾ ਨਾਈ 

ਤੇਰੇ ਸਹੁਰਿਆਂ ਦਾ ਨਾਈ 

ਮੈਨੂੰ ਅੱਜ ਖਬਰ ਆਈ 

ਆਲ ਮਾਲ ਹੋਇਆ ਥਾਲ...


ਇਸੇ ਤਰ੍ਹਾਂ ਇੱਕ ਹੋਰ ਜ਼ਿਕਰ ਮਿਲਦਾ ਹੈ-

ਕੋਠੇ ਉੱਤੇ ਤਾਣੀ, 

ਖੂਹ ਦਾ ਮਿੱਠਾ ਪਾਣੀ 

ਬਾਬਲ ਮੇਰਾ ਰਾਜਾ, 

ਅੰਮੀ ਮੇਰੀ ਰਾਣੀ 

ਦੁੱਧ ਦੇਵਾਂ, ਦਹੀਂ ਜਮਾਵਾਂ, 

ਵੀਰਾਂ ਦੀਆਂ ਦੂਰ ਬਲਾਵਾਂ 

ਵੇਲ ਕੱਢਾਂ, ਫੁੱਲ ਕੱਢਾਂ, 

ਕੱਢਾਂ ਮੈਂ ਕਸੀਦੜਾ 

ਲਹਿਰ ਦੀ ਮੈਂ ਵੇਲ ਪਾਵਾਂ 

ਰੰਗਾਂ ਦਾ ਬਗੀਚੜਾ 

ਸਭ ਪਰਾਈਆਂ ਕੁੜੀਆਂ 

ਆਹਰੇ-ਪਾਹਰੇ ਜੁੜੀਆਂ 

ਆਲ-ਮਾਲ ਹੋਇਆ ਬੀਬੀ ਪੂਰਾ ਥਾਲ...


ਅਖਾਣ ਮੁਹਾਵਰਿਆਂ ਵਿੱਚ ਖੂਹ 

ਬੰਦਿਆਂ ਨੂੰ ਬੰਦੇ ਮਿਲ ਪੈਂਦੇ ਆ 

ਖੂਹਾਂ ਨੂੰ ਖੂਹ ਨਹੀਂ ਮਿਲਦੇ


ਜਾਂ ਇਹ ਵੀ ਕਿਹਾ ਜਾਂਦਾ ਹੈ ਕਿ-

ਖਾਲ ਹੋਵੇ ਤਾਂ ਟੱਪੀਏ, 

ਖੂਹ ਨਾ ਟੱਪਿਆ ਜਾ 

ਸ਼ੱਕਰ ਹੋਵੇ ਤਾਂ ਵੰਡੀਏ, 

ਰੂਪ ਨਾ ਵੰਡਿਆ ਜਾ


ਜਾਂ

ਵੈਹੜਕਾ ਖੂਹ ਚ ਡਿੱਗਆ, 

ਨੱਥ ਵੀ ਪਾ ਹੀ ਦਿਓ।


ਜਦੋਂ ਕੋਈ ਕਿਸੇ ਨਾਲ ਗੁੱਸੇ ਹੋਵੇ ਤਾਂ ਅਕਸਰ ਇਹ ਮੁਹਾਵਰਾ ਬੋਲਦਾ ਹੈ ਕਿ 

ਜਾ ਢੱਠੇ ਖੂਹ ਵਿੱਚ ਪੈ...


ਇਸੇ ਤਰ੍ਹਾਂ ਜਦੋਂ ਕੋਈ ਬਣਿਆ ਬਣਾਇਆ ਕਾਰਜ ਵਿਗਾੜ ਦੇਵੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ 

ਅਕਲਾਂ ਬਾਝੋਂ ਖੂਹ ਖਾਲੀ...


ਜਾ ਕਿਹਾ ਜਾਂਦਾ ਹੈ ਕਿ 

ਕੀਤੀ ਕਰਵਾਈ ਖੂਹ ਵਿੱਚ ਪਾਈ...


ਇਹ ਵੀ ਕਿਹਾ ਜਾਂਦਾ ਹੈ ਕਿ 

ਖੂਹ ਪੁੱਟਦੇ ਨੂੰ ਖਾਤਾ ਤਿਆਰ 


ਇਹ ਵੀ ਕਿਹਾ ਜਾਂਦਾ ਹੈ ਕਿ 

ਘਰ ਨੂੰ ਲੱਗੀ ਅੱਗ 

ਹੁਣ ਖੂਹ ਪੱਟਣ ਨੂੰ ਭੱਜ 


ਇਹ ਵੀ ਕਿਹਾ ਜਾਂਦਾ ਹੈ ਕਿ- 

ਮੂੰਹ ਚੂਹੀ... ਢਿੱਡ ਖੂਹੀ...


ਖੂਹ ਦਾ ਜ਼ਿਕਰ ਕਰਦਾ ਇਕ ਮੁਹਾਵਰਾ ਇਹ ਵੀ  ਹੈ ਕਿ- 

ਅੱਗੇ ਖੂਹ ਪਿੱਛੇ ਖਾਈ


ਇਹ ਕਿਹਾ ਜਾਂਦਾ ਹੈ ਕਿ 

ਖਾਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ


ਜਾਂ

ਸਦਾਂ ਤਾਂ ਖੂਹ ਵੀ ਲਵੇਰੇ ਨਹੀਂ ਰਹਿੰਦੇ।


ਇਹ ਵੀ ਕਿਹਾ ਜਾਂਦਾ ਹੈ ਕਿ 

ਖਾਰੇ ਖੂਹ ਨਾ ਮਿੱਠੇ ਹੁੰਦੇ, ਭਾਵੇਂ ਸੌ ਮਣ ਵਿਚ ਗੁੜ ਘੱਤੀਏ ਨੀਂ 


ਲੋਕ ਬਾਤਾਂ ਵਿੱਚ ਖੂਹ 

ਇੱਕ ਖੂਹ ਵਿੱਚ ਨੌਂ ਦਸ ਪਰੀਆਂ  

ਇਕ ਦੂਜੇ ਨਾਲ ਸਿਰ ਜੋੜੀ ਖੜੀਆਂ 

ਜਦੋਂ ਖੋਲਿਆ ਖੂਹ ਦਾ ਪਾਟ 

ਦਿਲ ਕਰੇ ਸਭ ਨੂੰ ਕਰਜਾਂ ਚਾਟ

ਸੰਤਰਾ

ਇਕ ਬਾਤ ਇਹੀ ਹੈ ਕਿ 

ਰੜੇ ਮੈਦਾਨ ਵਿੱਚ ਪਾਣੀ ਦਾ ਡੱਬਾ 

ਚੱਕ ਨਹੀਂ ਹੁੰਦਾ ਚੁਕਾ ਦੇ ਰੱਬਾ

ਖੂਹ

ਇੱਕ ਹੋਰ ਮਸ਼ਹੂਰ ਬਾਤ ਹੈ ਜਿਸਨੂੰ ਯਮਲੇ ਜੱਟ ਨੇ ਗੀਤ ਰਾਹੀਂ ਵੀ ਗਾਇਆ ਹੈ- 

ਆਰ ਢਾਂਗਾ ਪਾਰ ਢਾਂਗਾ 

ਵਿੱਚ ਟੱਲਮ-ਟੱਲੀਆਂ 

ਆਉਣ ਕੂੰਜਾਂ ਦੇਣ ਬੱਚੇ 

ਨਦੀ ਨਾਵਣ ਚਲੀਆਂ

ਖੂਹ

ਲੋਕ ਗਥਾਵਾਂ ਅਤੇ ਕਿੱਸਾ ਸਾਹਿਤ ਵਿਚ ਖੂਹ ਦਾ ਜ਼ਿਕਰ

ਪੰਜਾਬੀ ਲੋਕ ਧਾਰਾ ਦੇ ਸਮੁੱਚੇ ਕਿੱਸਾ ਸਾਹਿਤ ਦੇ ਵਿਚ ਖੂਹ ਦਾ ਖੂਬ ਜਿਕਰ ਹੋਇਆ ਹੈ। ਜੇਕਰ ਗੱਲ ਕਰੀਏ ਪੂਰਨ ਭਗਤ ਦੇ ਕਿੱਸੇ ਦੀ ਤਾਂ ਇਸ ਦੇ ਬਿਰਤਾਂਤ ਦੇ ਵਿੱਚ ਵੀ ਖੂਹ ਦਾ ਖਾਸ ਜ਼ਿਕਰ ਹੈ। ਬਿਰਤਾਂਤ ਦੇ ਕੇਂਦਰ ਵਿਚ ਖੂਹ ਹੋਣ ਕਾਰਨ ਇਸ ਦੀਆਂ ਅਨੇਕਾਂ ਤੁਕਾਂ ਖੂਹ ਦੇ ਦੁਆਲੇ ਉਸਾਰੀਆਂ ਗਈਆਂ ਹਨ। 

ਸਮੁੱਚੇ ਕਿੱਸਾ ਸਾਹਿਤ ਅਤੇ ਖਾਸਕਰ ਕਾਦਰ ਯਾਰ ਦੇ ਕਿੱਸੇ ਦੇ ਵਿਚ ਖੂਹ ਦੇ ਜ਼ਿਕਰ ਦੀਆਂ ਦੇਖੋ ਵੰਨਗੀਆਂ-

ਵੇ ਮੈਂ ਖੂਹ ਲਵਾਵਾਂ ਪੂਰਨਾ 

ਵੇ ਤੂੰ ਨਾਵਣ ਦੇ ਪੱਜ ਆ 

ਵੇ ਸੋਹਣਿਆ ਪੂਰਨਾ 

ਵੇ ਤੂੰ ਨਾਵਣ ਦੇ ਪੱਜ ਆ 

ਨੀ ਮੈਂ ਨਾਵਣ ਦੇ ਪੱਜ ਨਾ ਆਵਾਂ 

ਤੂੰ ਲੱਗਦੀ ਧਰਮ ਦੀ ਮੇਰੀ ਮਾਂ 

ਨੀ ਅਕਲੋਂ ਸਿਆਣੀਏ 

ਤੂੰ ਲੱਗਦੀ ਧਰਮ ਦੀ ਮਾਂ


ਜਾਂ

ਪੁੱਤਰ ਪਕੜ ਬਿਗਾਨਿਆਂ ਮਾਪਿਆਂ ਦਾ 

ਪੂਰਨ ਭਗਤ ਨੂੰ ਲੈ ਗਏ ਬਾਹਰ ਜੂਹੇ 

ਉਹਦੇ ਦਸਤ ਸਹਿਕਾਏ ਕੇ ਵੱਡਿਓ ਨਾ 

ਉਹਦੀ ਲੋਥ ਵਹਾਉਂਦੇ ਵਿਚ ਖੂਹੇ


ਹੋਰ ਵੰਨਗੀ

ਉਸੇ ਵਕਤ ਜਲਾਦਾਂ ਨੂੰ ਆਖਿਆ ਸੂ 

ਖੂਹੇ ਵਿਚ ਪਾਓ ਇਹਨੂੰ ਜਾਇ ਕੇ ਜੀ 

ਕਾਦਰਯਾਰ ਮੀਆਂ ਇਸ ਖੂਹੇ ਅੰਦਰ 

ਕਰ ਗਏ ਦਾਖਲ ਉਹ ਮੈਨੂੰ ਆਇਕੇ ਜੀ


ਦੇਖੋ ਇੱਕ ਹੋਰ ਵੰਨਗੀ ਜਿਸ ਵਿੱਚ ਪੂਰਨ ਭਗਤ ਆਪਣੀ ਮਾਂ ਨਾਲ ਵਾਰਤਾਲਾਪ ਕਰਦਾ ਹੋਇਆ ਕਹਿੰਦਾ ਹੈ ਕਿ 

ਸਵਾਦ ਸਾਹਿਬ ਦਿਤੀ ਜਿੰਦ ਜਾਨ ਮੇਰੀ 

ਕੀ ਤੂੰ ਲੱਗੀ ਹੈ ਸੱਚ ਪਛਾਣ ਮਾਏਂ 

ਗੁਰੂ ਨਾਥ ਜੀ ਕੱਢਿਆ ਖੂਹ ਵਿੱਚੋਂ 

ਰੱਬ ਦਿੱਤੇ ਨੀਂ ਲੈਣ ਪ੍ਰਾਣ ਮਾਏਂ


ਵਾਰਿਸ ਸ਼ਾਹ ਦੀ ਹੀਰ ਵਿੱਚ ਖੂਹ ਦਾ ਜਿਕਰ

ਵਾਰਿਸ ਸ਼ਾਹ ਦੀ ਹੀਰ ਵਿੱਚ ਖੂਹ ਦਾ ਅਨੇਕਾਂ ਵਾਰ ਜਿਕਰ ਮਿਲਦਾ ਹੈ ਇੱਕ ਥਾਂ ਵਾਰਿਸ ਸ਼ਾਹ ਲਿਖਦਾ ਹੈ ਕਿ 

ਹਮੀਂ ਭਿੱਛਿਆ ਵਾਸਤੇ ਤਿਆਰ ਬੈਠੇ 

ਤੁਮੀਂ ਆਣ ਕੇ ਰਿਕਤਾਂ ਛੇੜਦੀਆਂ ਹੋ 

ਅਸਾਂ ਲਾਹ ਪੰਜਾਲੀਆਂ ਜੋਗ ਛੱਡੀ 

ਤੁਸੀਂ ਫੇਰ ਮੁੜ ਖੂਹ ਨੂੰ ਗੇੜਦੀਆਂ ਹੋ 

ਅਸੀਂ ਛੱਡ ਝੇੜੇ ਯੋਗ ਲਾਇ ਬੈਠੇ 

ਤੁਸੀਂ ਫੇਰ ਅਲੂਦ ਲਬੇੜਦੀਆਂ ਹੋ 

ਪਿੱਛੋਂ ਕਹੋਗੀ ਭੂਤਨੇ ਆਣ ਲੱਗੇ 

ਅੰਨੇ ਖੂਹ ਵਿੱਚ ਸੰਗ ਕਿਉਂ ਰੇੜਦੀਆਂ ਹੋ

ਹਮੀਂ ਭਿਖਿਆ ਮਾਂਗਨੇ ਚਲੇ ਹਾਂ ਰੀ 

ਤੁਮੇ ਆਣ ਕੇ ਕਾਹੇ ਖਹੇੜਦੀਆਂ ਹੋ 


ਵਾਰਸ ਦੀ ਹੀਰ ਦੇ ਵਿੱਚ ਇੱਕ ਥਾਂ ਤੇ ਸਹਿਤੀ ਦੀ ਆਪਣੀ ਭਾਬੀ ਦੇ ਨਾਲ ਵਾਰਤਾਲਾਪ ਵਿੱਚ ਖੂਹ ਦਾ ਸ਼ਾਨਦਾਰ ਜਿਕਰ ਮਿਲਦਾ ਹੈ। ਜਿਵੇਂ ਕਿ ਦੇਖੋ ਵੰਨਗੀ- 

ਅੱਜ ਰੰਗ ਤੇਰਾ ਭਲਾ ਨਜ਼ਰ ਆਇਆ 

ਸਭੋ ਸੁੱਖ ਤੇ ਦੁੱਖ ਨਬੇੜਿਆ ਈ 

ਨੈਣ ਸ਼ੋਖ ਹੋਏ ਰੰਗ ਚਮਕ ਆਇਆ 

ਕੋਈ ਜੋਬਨੇ ਦਾ ਖੂਹ ਗੇੜਿਆ 


ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਅਤੇ ਫਰੰਗੀਆਂ ਵਿੱਚ ਖੂਹ ਦਾ ਜ਼ਿਕਰ

ਸ਼ਾਹ ਮੁਹੰਮਦ ਨੇ ਆਪਣੀ ਜੰਗਨਾਮੇ ਵਿੱਚ ਖੂਹ ਅਤੇ ਖੂਹਣੀਆਂ ਦਾ ਜ਼ਿਕਰ ਕਈ ਵਾਰ ਕੀਤਾ ਹੈ, ਜਿਵੇਂ ਕਿ ਦੇਖੋ ਵੰਨਗੀ- 

ਸਿੰਘਾਂ ਆਖਿਆ ਲੜਾਂਗੇ ਹੋਏ ਟੋਟੇ 

ਸਾਨੂੰ ਖਬਰ ਭੇਜੀ ਦਿਨੇ-ਰਾਤ ਮਾਈ 

ਤੇਰੀ ਨੌਕਰੀ ਵਿੱਚ ਨਾ ਫਰਕ ਕਰੀਏ 

ਭਾਵੇਂ ਖੂਹ ਘੱਤੀਂ ਭਾਵੇਂ ਖਾਤ ਮਾਈ


ਇੱਕ ਥਾਂ ਹੋਰ ਖੂਹ ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ ਕਿ- 

ਜਦੋਂ ਪਿਆ ਹਰਾਸ ਤੇ ਕਰਨ ਗੱਲਾਂ 

ਮੁੰਡੇ ਘੋੜ ਚੜ੍ਹੇ ਨਵੇਂ ਛੋਕਰੇ ਜੀ 

ਅੱਧੀ ਰਾਤ ਨੂੰ ਉੱਠ ਕੇ ਖਿਸਕ ਤੁਰੀਏ 

ਕਿਥੋਂ ਪਏ ਸਾਨੂੰ ਗੋਰੇ ਉਪਰੇ ਜੀ 

ਵਾਹੀ ਕਰਦੇ ਤੇ ਰੋਟੀਆਂ ਖੂਬ ਖਾਂਦੇ 

ਅਸੀਂ ਜਿੰਨਾਂ ਦੇ ਪੁੱਤਰ ਤੇ ਪੋਤਰੇ ਜੀ 

ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ 

ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ


ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ ਵਿਚ ਖੂਹ

ਪ੍ਰੋਫੈਸਰ ਮੋਹਨ ਸਿੰਘ ਨੂੰ ਆਪਣੇ ਖੂਹ ਉੱਤੇ ਰੱਬ ਨਜ਼ਰ ਆਉਂਦਾ ਹੈ ਅਤੇ ਉਹ ਖੂਹ ਦੀ ਗਾਧੀ ਉੱਤੇ ਕਵਿਤਾ ਵਿੱਚ ਵਾਰ ਵਾਰ ਖੂਹ ਦਾ ਜਿਕਰ ਕਰਦਾ ਲਿਖਦਾ ਹੈ ਕਿ-

ਸਾਡੇ ਖੂਹ 'ਤੇ ਵੱਸਦਾ ਰੱਬ ਨੀ 

ਇਥੇ ਘੰਮ-ਘੰਮ ਵਗਣ ਹਵਾਵਾਂ


ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਵਿੱਚ ਖੂਹ

ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਵਿੱਚ ਖੂਹ ਦਾ ਜਿਕਰ ਵਾਰ-ਵਾਰ ਮਿਲਦਾ ਹੈ। ਉਸ ਨੂੰ ਆਪਣੇ ਖੂਹ ਉੱਤੇ ਪੰਜਾਬੀ ਜੀਵਨ ਵਿਚੋਂ ਸਮੁੱਚੀ ਦੁਨੀਆ ਦੇ ਦੀਦਾਰ ਹੁੰਦੇ ਹਨ। ਉਹ ਲਿਖਦਾ ਹੈ ਕਿ- 

ਚੁੰਨੀ ਨਿੱਕੀ ਜਹੀ ਮੇਰੀ ਸਿਰ ’ਤੇ

ਵਾਲ ਮੇਰੇ ਸਿੰਜੇ ਖੂਹ ਦੇ ਪਾਣੀਆਂ

ਜਾਂ

ਨਿੱਕੀਆਂ-ਵੱਡੀਆਂ ਘੱਗਰੀਆਂ 

ਨਿੱਕੀਆਂ-ਨਿੱਕੀਆਂ ਬਾਹਾਂ 

ਕੁੜੀਆਂ ਪੰਜਾਬ ਦੀਆਂ 

ਪਾਣੀ ਪਈਆਂ ਭਰਦੀਆਂ

ਪਾਣੀ ਖੂਹ ਚੋਂ ਕੱਢਦੀਆਂ

ਕੁਝ ਡੋਹਲਦੀਆਂ ਕੁਝ ਭਰਦੀਆਂ


ਪੰਜਾਬੀ ਦੇ ਨਵੇਂ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਖੂਹ 

ਪੰਜਾਬੀ ਦੇ ਨਵੇਂ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿੱਚ ਵੀ ਖੂਹ ਦਾ ਜ਼ਿਕਰ ਅਕਸਰ ਮਿਲਦਾ ਹੈ ਉਸ ਦੀ ਕਵਿਤਾ ਦੀ ਇਹ ਵੰਨਗੀ ਖਾਸ ਧਿਆਨ ਖਿੱਚਦੀ ਹੈ ਜਿਵੇਂ ਕਿ 

ਖੂਹ ਗਿੜਦਾ ਹੈ ਦਿਨ ਰਾਤ ਮੀਆਂ 

ਟਿੰਡਾਂ ਅੰਧਕਾਰ ਚੋਂ ਉਭਰਦੀਆਂ 

ਟਿੰਡਾਂ ਚੋਂ ਕਿਰੇ ਪ੍ਰਭਾਤ ਮੀਆਂ 

ਖੂਹ ਗਿੜਦਾ ਹੈ ਦਿਨ ਰਾਤ ਮੀਆਂ


ਗੁਰਬਾਣੀ ਵਿਚ ਖੂਹ ਦਾ ਜਿਕਰ

ਗੁਰਬਾਣੀ ਵਿਚ ਵੀ ਖੂਹ,ਖੂਹੀ,ਖੂਹਿ,ਖੂਹਣਿ,ਖੂਹਟਾ ਆਦਿ ਸਮਾਨਅਰਥੀ ਸ਼ਬਦਾਂ ਦਾ ਜਿਕਰ ਮਿਲਦਾ ਹੈ, ਜਿਵੇਂ ਦੇਖੋ ਉਦਾਰਨਾ-

ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ

ਜਾਂ

ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥

ਜਾਂ

ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥

ਜਾਂ

ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥

ਜਾਂ

ਵਿਧਣ ਖੂਹੀ ਮੁੰਧ ਇਕੇਲੀ ॥

ਜਾਂ

ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥


ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਕਿੰਨੀ ਮਹੱਤਤਾ ?


ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ ਜਿਕਰ


ਪੰਜਾਬੀ ਦੇ ਸਮੁੱਚੇ ਲੋਕ ਗੀਤ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ


ਇਸ ਲਿੰਕ ਤੇ ਕਲਿਕ ਕਰਕੇ ਪੜ੍ਹੋ ਮਹਾਕਾਵਿ ’ਕਲਯੁਗਨਾਮਾ’


ਨੋਟ - ਪੰਜਾਬੀ ਲੋੇਕ ਦੇ ਇਸ ਲੇਖ ਨਾਲ ਸਬੰਧਿਤ ਜੇਕਰ ਤੁਹਾਡੇ ਕੋਲ ਕੋਈ ਹੋਰ ਖਾਸ ਜਾਣਕਾਰ ਹੈ ਤਾਂ ਕੁਮੈਂਟ ਵਿਚ ਜਰੂਰ ਲਿਖੋ। ਅਸੀਂ ਉਸ ਜਾਣਕਾਰੀ ਇਸ ਲੇਖ ਵਿਚ ਤਹਾਡੇ ਨਾਂ ਦੇ ਸਿਰਲੇਖ ਹੇਠ ਛਾਪਣ ਦਾ ਯਤਨ ਕਰਾਂਗੇ। ਜੇਕਰ ਇਹ ਜਾਣਕਾਰੀ ਚੰਗ ਲੱਗੀ ਹੈ ਤਾਂ ਲਾਈਕ ਅਤੇ ਸ਼ੇਅਰ ਵੀ ਜਰੂਰ ਕਰੋ।


ਜਸਬੀਰ ਵਾਟਾਂਵਾਲੀਆ

https://jasbirwattanwalia.blogspot.com/

Oct 19, 2024

Earthern Pot : ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਕਿੰਨੀ ਮਹੱਤਤਾ ?

Articals by Jasbir Wattanwali : ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਖਾਸ ਮਹਾਨਤਾ

ਸਾਡੇ ਗੀਤ, ਲੋਕ ਗੀਤ, ਅਖਾਣ-ਮੁਹਾਵਰੇ, ਬੋਲੀਆਂ, ਟੱਪੇ, ਮਾਹੀਏ, ਬਾਤਾਂ, ਕਿੱਸਾ ਕਾਵਿ, ਗੁਰਬਾਣੀ ਅਤੇ ਸਾਡੇ ਜੀਵਨ ਦੀਆਂ ਅਨੇਕਾਂ ਰਸਮਾਂ ਘੜੇ ਨਾਲ ਜੁੜੀਆਂ ਹੋਈਆਂ ਹਨ।

ਘੜਾ ਪੰਜਾਬੀ ਜੀਵਨ, ਸੱਭਿਆਚਾਰ ਅਤੇ ਪੰਜਾਬੀ ਲੋਕਧਾਰਾ ਨਾਲ ਬਹੁਤ ਡੂੰਘਾ ਜੁੜਿਆ ਹੋਇਆ ਹੈ। ਸਾਡੇ ਗੀਤ ਲੋਕ ਗੀਤ, ਅਖਾਣ ਮੁਹਾਵਰੇ, ਬੋਲੀਆਂ, ਪੰਜਾਬੀ ਸਾਹਿਤ ਅਤੇ ਸਾਡੇ ਜੀਵਨ ਦੀਆਂ ਅਨੇਕਾਂ ਰਸਮਾਂ ਘੜੇ ਨਾਲ ਜੁੜੀਆਂ ਹੋਈਆਂ ਹਨ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤ ਕੇ ਇਸਦਾ ਬਾਕਾਮਾਲ ਵਰਨਣ ਕੀਤਾ ਹੈ। ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਾਠ ਰੱਖਣ ਮੌਕੇ (ਕੁੰਭ) ਭਾਵ ਪਾਣੀ ਦਾ ਘੜਾ ਵਿਸ਼ੇਸ਼ ਮਰਿਆਦਾ ਦੇ ਤਹਿਤ ਪਾਠ ਵਾਲੀ ਥਾਂ ’ਤੇ ਜਰੂਰ ਰੱਖਿਆ ਜਾਂਦਾ ਹੈ। 

ਪੰਜਾਬੀ ਜੀਵਨ ਵਿੱਚ ਘੜੇ ਨੂੰ ਜਨਮ ਤੋਂ ਲੈ ਕੇ ਮਰਨ ਦੀਆਂ ਖਾਸ ਰਸਮਾਂ ਦੌਰਾਨ ਵਿਸ਼ੇਸ ਤੌਰ ’ਤੇ ਵਰਤਿਆ ਜਾਂਦਾ ਹੈ। ਪਾਣੀ ਨੂੰ ਚੰਗੀ ਸ਼ਕਤੀ ਅਤੇ ਸ਼ੁਭ ਰੱਖ ਮੰਨਦੇ ਹੋਏ, ਜਣੇਪੇ ਦੌਰਾਨ ਪਾਣੀ ਦਾ ਘੜਾ ਭਰ ਕੇ ਜੱਚਾ-ਬੱਚਾ ਦੇ ਕੋਲ ਰੱਖਿਆ ਜਾਂਦਾ ਹੈ। ਇਸੇ ਤਰ੍ਹਾਂ ਵਿਆਹ ਸਮੇਂ ਵੀ ਘੜੋਲੀ ਭਰਨ ਦੀ ਰਸਮ ਘੜੇ ਤੋਂ ਬਗੈਰ ਸੰਭਵ ਨਹੀਂ ਹੈ। ਗੱਲ ਸਾਡੇ ਲੋਕਾਂ ਦੇ ਅੰਤਲੇ ਵੇਲੇ ਦੀ ਕਰੀਏ ਤਾਂ ਹਰ ਮਨੁੱਖ ਦੇ ਮਰਨ ਤੋਂ ਬਾਅਦ ਉਸਦੇ ਸਿਰ ਕੋਲ ਘੜਾ ਭੰਨਿਆ ਜਾਂਦਾ ਹੈ, ਜੋ ਬਹੁਤ ਹੀ ਖਾਸ ਰਸਮ ਹੈ। ਇਥੇ ਹੀ ਬੱਸ ਨਹੀਂ ਬਲਕਿ ਸਾਡੇ ਮਰਨ ਉਪਰੰਤ ਦੇਹ ਦਾ ਸੰਸਕਾਰ ਕਰਨ ਤੋਂ ਬਾਅਦ ਮ੍ਰਿਤਕ ਮਨੁੱਖ ਦੇ ਫੁੱਲ ਵੀ ਘੜੇ ਜਾਂ ਮਟਕੇ ਵਿਚ ਹੀ ਪਾ ਕੇ ਰੱਖੇ ਜਾਂਦੇ ਹਨ। ਦੇਖੋ ਪੰਜਾਬੀ ਲੋਕ ਧਾਰਾ ਵਿਚ ਘੜੇ ਦਾ ਬਾਕਮਾਲ ਵਰਨਣ।


ਪੰਜਾਬੀ ਅਖਾਣ-ਮੁਹਾਵਰਿਆਂ ਵਿੱਚ ਘੜੇ ਦੀ ਵਿਸ਼ੇਸ਼ ਵਰਤੋਂ- 

ਪੰਜਾਬੀ ਅਖਾਣ ਮੁਹਾਵਰਿਆਂ ਵਿੱਚ ਘੜਾ ਸ਼ਬਦ ਦੀ ਵਰਤੋਂ ਅਨੇਕਾਂ ਥਾਵਾਂ ’ਤੇ ਕੀਤੀ ਗਈ ਹੈ ਜਿਵੇਂ ਕਿ 


ਸਿਰ ਵਿਚ ਸੌ ਘੜੇ ਪਾਣੀ ਪੈਣਾ...

ਪਾਪ ਦਾ ਘੜਾ ਭਰ ਜਾਣਾ ਜਾਂ ਪਾਪ ਦਾ ਘੜਾ ਫੁੱਟ ਜਾਣਾ... 

ਮੁਹਾਵਰਾ ਆਮ ਵਰਤਿਆ ਜਾਂਦਾ ਹੈ। ਇਸੇ ਤਰ੍ਹਾਂ ਘੜੇ ਨਾਲ ਜੁੜਿਆ ਇੱਕ ਹੋਰ ਅਖਾਣ ਵਰਤਿਆ ਜਾਂਦਾ ਹੈ ਕਿ- 


ਘੜੇ ਨੂੰ ਹੱਥ ਲਾਇਆ 

ਅਤੇ ਸਾਰਾ ਟੱਬਰ ਤਿਹਾਇਆ


ਘੜੇ ਨਾਲ ਜੁੜਿਆ ਇਕ ਅਖਾਣ ਇਹ ਵੀ ਵਰਤਿਆ ਜਾਂਦਾ ਹੈ ਕਿ-

ਘਰ ਕਲਾ ਕਲੰਦਰ ਵੱਸੇ...

ਫਿਰ ਘੜਿਓਂ ਪਾਣੀ ਨੱਸੇ...


ਘੜੇ ਨਾਲ ਜੁੜੇ ਹੋਏ ਗੀਤ, ਲੋਕ ਗੀਤ ਅਤੇ ਬੋਲੀਆਂ

ਪੰਜਾਬੀ ਲੋਕ ਧਾਰਾ ਵਿੱਚ ਘੜੇ ਨਾਲ ਅਨੇਕਾਂ ਗੀਤ ਅਤੇ ਲੋਕ ਗੀਤ ਜੁੜੇ ਹੋਏ ਹਨ ਜਿਹਨਾਂ ਵਿੱਚੋਂ ਕੁਝ ਦਾ ਵੇਰਵਾ ਇਸ ਪ੍ਰਕਾਰ ਹੈ -


ਘੜਾ ਵੱਜਦਾ... ਖੜੋਲੀ ਵੱਜਦੀ 

ਕਿਤੇ ਗਾਗਰ ਵੱਜਦੀ ਸੁਣ ਮੁੰਡਿਆ...

ਜਾਂ

ਘੜੇ ਉਤੇ ਘੜਾ... ਉੱਤੇ ਮੱਘੀ ਵੇ ਜ਼ਾਲਮਾ 

ਦਿਲ ਵਿੱਚ ਰੱਖਦਾ ਏਂ...ਠੱਗੀ ਵੇ ਜ਼ਾਲਮਾ

ਜਾਂ

ਲੋਕਾਂ ਦੀਆਂ ਕੁੜੀਆਂ ਤਾਂ 

ਦੋ ਦੋ ਘੜੇ ਚੁੱਕਦੀਆਂ

ਮੇਰਾ ਘੜਾ ਕਿਉਂ ਡੋਲਦਾ ਨੀ...

ਮੇਰਾ ਮਾਹੀ ਬੰਗਲੇ ਵਿੱਚ ਬੋਲਦਾ ਨੀ...


ਹੋਰ ਵੰਨਗੀ

ਰਾਤ ਹਨੇਰੀ ਲਿਸ਼ਕਣ ਤਾਰੇ 

ਕੱਚੇ ਘੜੇ ਤੇ ਮੈਂ ਤਰਦੀ 

ਵੇਖੀ ਰੱਬਾ ਖੈਰ ਕਰੀ 

ਤੇਰੀ ਆਸ ਤੇ ਮੂਲ ਨਾ ਡਰਦੀ

ਜਾਂ

ਮੈਨੂੰ ਪਾਰ ਲੰਘਾ ਦੇ ਵੇ ...

ਘੜਿਆ ਮਿਹਨਤਾਂ ਤੇਰੀਆਂ ਕਰਦੀ


ਘੜੇ ਨਾਲ ਜੁੜੇ ਹੋਏ ਟੱਪੇ ਅਤੇ ਮਾਹੀਏ ਦੀ ਵੀ ਦੇਖੋ ਵੰਨਗੀ

ਬਾਗੇ ਵਿੱਚ ਆ ਮਾਹੀਆ 

ਨਾਲੇ ਸਾਡੀ ਗੱਲ ਸੁਣ ਜਾ 

ਨਾਲੇ ਘੜਾ ਵੀ ਚੁਕਾ ਮਾਹੀਆ

ਜਾਂ

ਪਏ ਘੜੇ ਕੜਵੰਜੀਆਂ 'ਤੇ 

ਮਾਹੀ ਸਾਡਾ ਤੁਰ ਨੀ ਗਿਆ 

ਹੱਥ ਮਾਰਾਂ ਪਈਆਂ ਮੰਜੀਆਂ 'ਤੇ


ਕਿੱਸਾ ਸਾਹਿਤ ਅਤੇ ਪ੍ਰੇਮ ਕਹਾਣੀਆਂ ਵਿੱਚ ਘੜੇ ਦਾ ਵਿਸ਼ੇਸ਼ ਜ਼ਿਕਰ 

ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਕਿੱਸਾਕਾਰਾਂ ਨੇ ਆਪਣੇ ਕਿੱਸਿਆਂ ਵਿੱਚ ਘੜੇ ਦਾ ਬਾ ਕਮਾਲ ਵਰਨਣ ਕੀਤਾ ਹੈ। ਇਹਨਾਂ ਕਿੱਸਿਆਂ ਵਿੱਚੋਂ ਖਾਸ ਕਰਕੇ ‘ਸੋਹਣੀ ਮਹੀਵਾਲ’ ਦੇ ਕਿੱਸਿਆਂ ਵਿੱਚ ਘੜੇ ਦਾ ਜਿਕਰ ਵਿਸ਼ੇਸ਼ ਤੌਰ ਤੇ ਮਿਲਦਾ ਹੈ।

ਪੰਜਾਬੀ ਕਿੱਸਾਕਾਰ ‘ਫਜਲ ਸ਼ਾਹ’ ਨੇ ਸੋਹਣੀ ਮਹੀਵਾਲ ਵਿੱਚ ਘੜੇ ਦਾ ਬਾਕਮਾਲ ਵਰਨਣ ਕੀਤਾ ਹੈ। ਜਿਵੇਂ ਕਿ-


ਸੁਬਹਾ ਵਕਤ ਬੇਟਾ ਪੈਦਾਵਾਰ ਹੋਇਆ 

ਗਿਆ ਖਿੰਡ ਜਹਾਨ ’ਤੇ ਨੂਰ ਮੀਆਂ 

ਫ਼ਜ਼ਲ ਸ਼ਾਹ ਜੇਕਰ ਘੜਿਓਂ ਮੀਂਹ ਵਸੇ 

ਨਾਹੀ ਰੱਬ ਰਹੀਮ ਥੀਂ ਦੂਰ ਮੀਆਂ 


ਵੇਖੋ ਇੱਕ ਹੋਰ ਨਮੂਨਾ -

ਵਾਲੀ ਰੂਹ ਦਾ ਹੋ ਉਦਾਸ ਤੁਰਿਆ 

ਝੁੱਲੀ ਆਏ ਕੇ ਵਾ ਖਿਜਾਨ ਮੀਆਂ 

ਓੜਕ ਬੰਨ ਮੁੰਡਾਸੜਾ ਠਿੱਲ੍ਹ ਪਈ 

ਕੱਚੇ ਘੜੇ 'ਤੇ ਲਾਇਆ ਤਾਨ ਮੀਆ 


ਲੋਕ ਬਾਤਾਂ ਵਿਚ ਘੜੇ ਦਾ ਜਿਕਰ

ਹੋਰ ਸਾਹਿਤ ਰੂਪਾਂ ਦੇ ਨਾਲ-ਨਾਲ ਸਾਡੀਆਂ ਬਾਤਾਂ ਵਿਚ ਵੀ ਘੜੇ ਦਾ ਖੂਬ ਜਿਕਰ ਮਿਲਦਾ ਹੈ, ਜਿਵੇਂ ਦੇਖੋ ਇਹ ਨਮੂਨਾ

ਇੱਕ ਸਮੁੰਦਰ ਮੈਂ ਦੇਖਿਆ 

ਹਾਥੀ ਮਲ ਮਲ ਨਹਾਏ 

ਘੜਾ ਡੋਬਿਆ ਨਾ ਡੁਬੇ 

ਚਿੜੀ ਤਿਹਾਈ ਜਾਏ 

------ ਤ੍ਰੇਲ ---------

ਗੁਰਬਾਣੀ ਵਿੱਚ ਘੜੇ ਦਾ ਵਿਸ਼ੇਸ਼ ਪ੍ਰਤੀਕ ਵਜੋਂ ਵਰਨਣ 

ਗੁਰਬਾਣੀ ਵਿੱਚ ਘੜੇ ਦਾ ਵਿਸ਼ੇਸ਼ ਪ੍ਰਤੀਕ ਵਜੋਂ ਵਰਨਣ ਮਿਲਦਾ ਹੈ। ਗੁਰਬਾਣੀ ਮਨੁੱਖੀ ਜੀਵਨ ਨੂੰ ਕੱਚੇ ਘੜੇ ਦੇ ਸਮਾਨ ਦੱਸਦੀ ਹੈ ਅਤੇ ਉਸ ਦੇ ਕਿਸੇ ਵੇਲੇ ਵੀ ਟੁੱਟ ਜਾਣ ਵੱਲ ਇਸ਼ਾਰਾ ਕਰਦੀ ਹੈ। ਗੁਰੂ ਤੇਗ ਬਹਾਦਰ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ ਕਿ-

ਤਿਲੰਗ ਮਹਲਾ ੯ ਕਾਫੀ

ੴ ਸਤਿਗੁਰ ਪ੍ਰਸਾਦਿ ॥

ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥

ਛਿਨੁ ਛਿਨੁ ਅਉਧ ਬਿਹਾਤੁ ਹੈ ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥

ਜਾਂ

ਜਲ ਮਹਿ ਕੁੰਭ ਕੁੰਭ ਮਹਿ ਜਲ ਹੈ ਬਾਹ ਭੀਤਰੁ ਪਾਣੀ।।

ਫੁਟਾ ਕੁੰਭ ਜਲ ਜਲੈ ਸਮਾਣਾ ਜਹ ਤੱਥ ਕਥਿਓ ਗਿਆਨੀ।।


ਇਸੇ ਤਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤਦੇ ਹੋਏ ਲਿਖਦੇ ਹਨ ਕਿ-

ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ।। 

ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ।।


ਇਸੇ ਤਰਾਂ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਕੁੰਭ ਭਾਵ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤਦੇ ਹੋਏ ਲਿਖਦੇ ਹਨ ਕਿ-

ਸਾਰਗ ਮਹਲਾ ੫ ॥

ਜੈਸੇ ਕੁੰਭ ਉਦਕ ਪੂਰਿ ਆਨਿਓ ਤਬ ਓੁਹੁ ਭਿੰਨ ਦ੍ਰਿਸਟੋ ॥

ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥੪॥੩॥


ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿਚ ਘੜੇ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਵਰਤਦੇ ਹੋਏ ਲਿਖਦੇ ਹਨ ਕਿ-

ਕੁੰਭ ਕਮਲੁ ਜਲਿ ਭਰਿਆ ॥

ਜਲੁ ਮੇਟਿਆ ਊਭਾ ਕਰਿਆ ॥

ਕਹੁ ਕਬੀਰ ਜਨ ਜਾਨਿਆ ॥

ਜਉ ਜਾਨਿਆ ਤਉ ਮਨੁ ਮਾਨਿਆ ॥


ਇਸੇ ਤਰ੍ਹਾਂ ਬਾਬਾ ਫਰੀਦ ਜੀ ਵੀ ਆਪਣੀ ਬਾਣੀ ਵਿਚ ਘੜਾ ਸ਼ਬਦ ਵਿਸ਼ੇਸ ਅਰਥਾਂ ਵਿਚ ਵਰਤਦੇ ਹਨ, ਜਿਵੇਂ ਕਿ-

ਕੰਧਿ ਕੁਹਾੜਾ ਸਿਰਿ ਘੜਾ ਵਣਿ ਕੈ ਸਰੁ ਲੋਹਾਰੁ।।


ਭਗਤ ਨਾਮ ਦੇਵ ਜੀ ਦੀ ਬਾਣੀ ਵਿਚ ਵੀ ਘੜਾ ਸ਼ਬਦ ਦੀ ਵਰਤੋਂ ਵਿਸ਼ੇਸ਼ ਸੰਦਰਭ ਵਿਚ ਕੀਤੀ ਮਿਲਦੀ ਹੈ, ਜਿਵੇਂ ਕਿ-

ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥


ਸਿਰਲੇਖ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਘੜਾ ਪੰਜਾਬੀ ਜੀਵਨ ਦੇ ਹਰ ਪਹਿਲੂ ਅਤੇ ਮਾਨਸਿਕਤਾ ਨਾਲ ਜੁੜਿਆ ਹੋਇਆ ਹੈ। ਸਾਡੇ ਲੋਕ ਗੀਤ, ਲੋਕ ਕਹਾਣੀਆਂ, ਲੋਕ ਬਾਤਾਂ, ਅਖਾਣ, ਮੁਹਾਵਰੇ, ਬੋਲੀਆਂ, ਟੱਪੇ ਮਾਹੀਏ, ਗੱਲ ਕੀ ਹਰ ਸਾਹਿਤ ਰੂਪ ਵਿੱਚ ਘੜੇ ਦਾ ਜ਼ਿਕਰ ਮਿਲਦਾ ਹੈ।

ਇਸੇ ਤਰ੍ਹਾਂ ਸਾਡੀਆਂ ਪੁਰਾਣੀਆਂ ਲੋਕ ਕਹਾਣੀਆਂ ਵਿੱਚ ਵੀ ਘੜੇ ਦਾ ਜ਼ਿਕਰ ਅਕਸਰ ਮਿਲਦਾ ਹੈ ਰਾਜਾ ਰਸਾਲੂ ਦੀ ਕਹਾਣੀ ਦੇ ਵਿੱਚ ਜਦੋਂ ਰਾਜਾ ਰਸਾਲੂ ਜਵਾਨ ਹੁੰਦਾ ਹੈ ਤਾਂ ਗੁਲੇਲ ਲੈ ਕੇ ਮੁਟਿਆਰਾਂ ਦੇ ਘੜੇ ਭੰਨਦਾ ਹੈ। ਘੜੇ ਦੇ ਅਜਿਹੇ ਹਵਾਲੇ ਤਕਰੀਬਨ ਹਰ ਪੁਰਾਤਨ ਕਹਾਣੀ ਵਿੱਚ ਮਿਲਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਘੜਾ ਪੰਜਾਬੀ ਜੀਵਨ, ਸੱਭਿਆਚਾਰ ਅਤੇ ਲੋਕਧਾਰਾ ਦਾ ਪ੍ਰਮੁੱਖ ਅੰਸ਼ ਅਤੇ ਅੰਗ ਹੈ।


ਇਹ ਵੀ ਪੜ੍ਹੋ : ਛੱਜ ਬਾਰੇ ਕੀ ਕਹਿੰਦੀ ਹੈ ਗੁਰਬਾਣੀ ਅਤੇ ਪੰਜਾਬੀ ਲੋਕ ਧਾਰਾ


ਜਸਬੀਰ ਵਾਟਾਂਵਾਲੀਆ

ਇਹ ਵੀ ਪੜ੍ਹੋ : ਸ਼ਰਾਧ : ਪੰਜਾਬੀ ਲੋਕ ਧਾਰਾ, ਗੀਤਾਂ, ਅਖਾਣਾਂ ਅਤੇ ਗੁਰਬਾਣੀ ਅਨੁਸਾਰ ਸ਼ਰਾਧ ?


https://jasbirwattanwalia.blogspot.com/

Oct 18, 2024

Poverty and politics : ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ...

Punjabi Poetry : Poverty and politics

 ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ 


ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ 

ਦਿਲ ਸਵਾਲੀ ਸੀ ਜਿਨਾਂ ਦੇ, ਦਿਲ ਸਵਾਲੀ ਹੀ ਰਹੇ 


ਸਦੀਆਂ ਤੋਂ ਜਿਹੜੇ ਅਫਰੇ, ਵਿਥਿਆ ਕੀ ਜਾਨਣ ਭੁੱਖ ਦੀ 

ਭੁੱਖਾਂ ਨੇ ਜਿਹੜੇ ਮਾਰ ਲਏ, ਉਹ ਬਦ-ਬੇਹਾਲੀ ਹੀ ਰਹੇ 

ਪੇਟ ਖਾਲੀ ਸੀ ਜਿਨਾ ਦੇ, ਪੇਟ ਖਾਲੀ ਹੀ ਰਹੇ 


ਉਹ ਸਾਗਰਾਂ ਨੂੰ ਡੀਕ ਗਏ, ਤੇ ਪਰਬਤਾਂ ਨੂੰ ਖਾ ਗਏ 

ਅਬਦਾਲੀਆਂ ਦੇ ਬੀਅ ਨੇ ਜੋ, ਉਹ ਅਬਦਾਲੀ ਹੀ ਰਹੇ

ਪੇਟ ਖਾਲੀ ਸੀ ਜਿਨਾਂ ਦੇ ਪੇਟ ਖਾਲੀ ਹੀ ਰਹੇ


ਉਹ ਗੁਰਬਿਆਂ ਤੋਂ ਝਪਟ ਕੇ, ਤਖਤਾਂ ’ਤੇ ਬਹਿ ਕੇ ਖਾਂਵਦੇ, 

ਤਖਤਾਂ ’ਤੇ ਜਿਹੜੇ ਬੈਠ ਗਏ, ਗੁੰਡੇ-ਮਵਾਲੀ ਹੀ ਰਹੇ 

ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ 


ਢਿੱਡਾਂ ਤੋਂ ਭੁੱਖੀ ਜਾਨ ਨੂੰ, ਮੇਲਾ ਕਦ ਦਿੰਦਾ ਦੱਖ ਹੈ

ਹੋਣ ਲੋਹੜੀਆਂ ਜਾਂ ਮਾਘੀਆਂ ਚਾਹੇ ਦੀਵਾਲੀ ਹੀ ਰਹੇ

ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ


ਭਾਗੋ ਦੇ ਚੇਲੇ-ਚਾਪਟੇ, ਨਾਨਕ ਨੂੰ ਬਹਿ ਗਏ ਘੇਰ ਕੇ

ਹੁਣ ਲਾਲੋ ਬੈਠਾ ਸਹਿਮਿਆਂ, ਪਿੰਡ ‘ਵਾਟਾਂਵਾਲੀ’ ਹੀ ਰਹੇ


ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ

ਦਿਲ ਸਵਾਲੀ ਸੀ ਜਿਨਾਂ ਦੇ, ਦਿਲ ਸਵਾਲੀ ਹੀ ਰਹੇ 



ਮਹਾਕਾਵਿ ‘ਕਲਯੁਗਨਾਮਾ’ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ

ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ


ਜਸਬੀਰ ਵਾਟਾਂਵਾਲੀਆ


Lahore: ਪੰਜਾਬੀ ਲੋਕ ਧਾਰਾ ’ਚ ਸਿਰ ਚੜ੍ਹ ਬੋਲਦਾ ਹੈ ਲਾਹੌਰ, ਗੁਰਬਾਣੀ ’ਚ ਵੀ ਖਾਸ ਜਿਕਰ

Lahore in Punjabi Folklore


ਪੰਜਾਬੀ ਲੋਕ ਧਾਰਾ ਵਿੱਚ ਸਾਡੇ ਅਨੇਕਾਂ ਗੀਤ, ਲੋਕ ਗੀਤ, ਅਖਾਣ, ਮੁਹਾਵਰੇ, ਬਾਤਾਂ, ਟੱਪੇ, ਮਾਹੀਏ, ਸੱਦਾਂ, ਕਿੱਸੇ, ਕਵਿਤਾਵਾਂ, ਕਹਾਣੀਆਂ ਅਤੇ ਨਾਟਕਾਂ ਵਿਚ ਲਾਹੌਰ ਦਾ ਜ਼ਿਕਰ ਸਿਰ ਚੜ੍ਹ ਕੇ ਬੋਲਦਾ ਹੈ।

ਸਾਂਝੇ ਪੰਜਾਬ ਦਾ ਕੇਂਦਰ ਅਤੇ ਸਾਡੀ ਸਾਂਝੀ ਵਿਰਾਸਤ ਦੇ ਧੁਰੇ ਲਾਹੌਰ ਨੂੰ ਕੌਣ ਨਹੀਂ ਜਾਣਦਾ । ਪੰਜਾਬੀ ਲੋਕ ਧਾਰਾ ਵਿੱਚ ਸਾਡੇ ਅਨੇਕਾਂ ਗੀਤ, ਲੋਕ ਗੀਤ, ਅਖਾਣ, ਮੁਹਾਵਰੇ, ਬਾਤਾਂ, ਟੱਪੇ, ਮਾਹੀਏ, ਸੱਦਾਂ, ਕਿੱਸੇ, ਕਵਿਤਾਵਾਂ, ਕਹਾਣੀਆਂ ਅਤੇ ਨਾਟਕਾਂ ਵਿਚ ਲਾਹੌਰ ਦਾ ਜ਼ਿਕਰ ਸਿਰ ਚੜ੍ਹ ਕੇ ਬੋਲਦਾ ਹੈ। ਇੱਥੇ ਹੀ ਬਸ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਵਿੱਚ ਵੀ ਲਾਹੌਰ ਸ਼ਹਿਰ ਦਾ ਜ਼ਿਕਰ ਵਿਸ਼ੇਸ਼ ਸੰਦਰਭ ਵਿੱਚ ਕੀਤਾ ਮਿਲਦਾ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਸਿੱਖਾਂ ਅਤੇ ਸਿੱਖ ਰਾਜ ਦਾ ਲਾਹੌਰ ਨਾਲ ਅਟੁੱਟ ਨਾਤਾ ਹੈ।  ਇਸ ਲੇਖ ਵਿੱਚ ਅਸੀਂ ਪੜ੍ਹਾਂਗੇ ਕਿ ਸਾਡੀ ਸਮੁੱਚੀ ਲੋਕ ਧਾਰਾ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਸ਼ੁਰੂ ਤੋਂ ਹੀ ਕਿੰਨੇ ਭਾਵਪੂਰਤ ਅੰਦਾਜ਼ ਵਿਚ ਕੀਤਾ ਮਿਲਦਾ ਹੈ।

ਗੀਤਾਂ ਅਤੇ ਲੋਕ ਗੀਤਾਂ ਵਿੱਚ ਲਾਹੌਰ 

ਗੱਲ ਗੀਤਾਂ ਅਤੇ ਲੋਕ ਗੀਤਾਂ ਤੋਂ ਸ਼ੁਰੂ ਕਰੀਏ ਤਾਂ ਪੰਜਾਬੀ ਲੋਕ ਧਾਰਾ ਲਹੌਰ ਸ਼ਹਿਰ ਨਾਲ ਜੁੜੇ ਅਨੇਕਾਂ ਗੀਤ ਅਤੇ ਲੋਕ ਮਿਲਦੇ ਹਨ ਜਿੰਨਾ ਵਿਚ ਕੁਝ ਵੰਨਗੀਆਂ ਪੇਸ਼ ਹਨ-

ਦੂਰੋਂ ਤਾਂ ਲਾਹੌਰੋਂ ਮੈਂ ਸੁਨਿਆਰਾ ਮੰਗਾਵਾਨੀਂ ਆਂ...

ਸੱਚ ਨੀ ਸਹੇਲੀਓ, ਮੈਂ ਗਹਿਣੇ ਬਣਵਾਨੀ ਆਂ... 

ਆ ਵੇ ਵੀਰਾ ਬਾਗੀਂ ਸੈਰ ਕਰੇਂਦਿਆ... 

ਆ ਵੇ ਵੀਰਾ ਭਾਈਆਂ ਨਾਲ ਖਡੇਂਦਿਆ... 

ਸੁਣੋ ਨੀ ਸਹੇਲੀਓ ਮੈਂ ਵੀਰੇ ਦੇ ਸ਼ਗਨ ਮਾਨੇਨੀ ਆਂ...


ਦੇਖੋ ਹੋਰ ਨਮੂਨਾ-

ਲਾਹੌਰੋਂ ਤਾਂ ਮਾਲਣ ਆਈ ਵੇ ਵੀਰਾ... 

ਤੇਰੇ ਸਿਹਰੇ ਗੁੰਦ ਲਿਆਈ ਵੇ ਵੀਰਾ...

ਤੇਰੇ ਸੇਰਿਆਂ ਦਾ ਕੀ ਮੁੱਲ ਵੇ ਵੀਰਾ...

ਨੀ ਇੱਕ ਲੱਖ ਤੇ ਡੇਢ ਹਜ਼ਾਰ ਭੈਣੇ...


ਦੇਖੋ ਇਰ ਹੋਰ ਸ਼ਾਨਦਾਰ ਲੋਕ ਗੀਤ ਦੀ ਵੰਨਗੀ-

ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ 

ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ 

ਨਾਲੇ ਦੱਸ ਖਾਂ ਉਥੋਂ ਦੀਆਂ ਇੱਟਾਂ 

ਕਿੰਨੀਆਂ ਟੁੱਟੀਆਂ ਤੇ ਕਿੰਨੀਆਂ ਸਾਰੀਆਂ ਨੇ 

ਦਾਲ ਦੱਸ ਖਾਂ ਸ਼ਹਿਰ ਲਾਹੌਰ ਅੰਦਰ 

ਖੂਹੀਆਂ ਕਿੰਨੀਆਂ ਮਿੱਠੀਆਂ ਤੇ ਕਿੰਨੀਆਂ ਖਾਰੀਆਂ ਨੇ 

ਜਰਾ ਸੋਚ ਕੇ ਦੇਵੀ ਜਵਾਬ ਮੈਨੂੰ 

ਉੱਥੇ ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਆਰੀਆਂ ਨੇ 

ਦਾਲ ਦੱਸਾਂ ਜੇ ਸ਼ਹਿਰ ਲਾਹੌਰ ਅੰਦਰ 

ਲੱਖਾਂ ਬੂਹੇ ਤੇ ਲੱਖਾਂ ਹੀ ਬਾਰੀਆਂ ਨੇ 

ਜਿਨਾਂ ਇੱਟਾਂ ’ਤੇ ਧਰ ਗਏ ਪੈਰ ਆਸ਼ਿਕ 

ਉਹ ਟੁੱਟੀਆਂ ਤੇ ਬਾਕੀ ਸਾਰੀਆਂ ਨੇ 

ਜਿੰਨਾ ਖੂਹੀਆਂ ਤੇ ਭਰ ਗਏ ਮਸ਼ੂਕ ਪਾਣੀ 

ਉਹੀ ਮਿੱਠੀਆਂ ਤੇ ਬਾਕੀ ਖਾਰੀਆਂ ਨੇ 

ਤੇ ਜਿਹੜੀਆਂ ਬਹਿੰਦੀਆਂ ਨਾਲ ਆਪਣੇ ਸੱਜਣਾਂ ਦੇ 

ਉਹੀ ਵਿਆਹੀਆਂ ਤੇ ਬਾਕੀ ਕੁਆਰੀਆਂ ਨੇ


ਨਵੇਂ ਗੀਤਾਂ ਵਿੱਚ ਲਾਹੌਰ 

ਛਾਤੀ ਤਖਤ ਲਾਹੌਰ ਦਾ ਤੇਰੀ ਸੇਜ ਨਾ ਰੰਨੇ 

ਨਾ ਮੈਂ ਲੂਲਾਂ ਤੋੜੀਆਂ ਨੀ ਨਾ ਮੈਂ ਮੋਤੀ ਭੰਨੇ 

ਨੰਗੇ ਪਿੰਡੇ ਮਾਰਨਾ ਨੀ ਤੂੰ ਛਮਕਾਂ ਮੇਰੇ 

ਮਾਣ ਕਰੀ ਨਾ ਜੱਟੀਏ ਸਾਨੂੰ ਬਾਗ ਬਥੇਰੇ


ਹੋਰ ਗੀਤ

ਉਚੜਾ ਬੁਰਜ ਲਾਹੌਰ ਦਾ ਚੀਰੇ ਵਾਲਿਆ 

ਹੇਠ ਵਗੇ ਦਰਿਆ ਵੀ ਸੱਜਣ ਮੇਰਿਆ

ਹੇਠ ਵਗੇ ਦਰਿਆ..... 


ਜਾਂ ਇਹ ਵੀ ਕਿਹਾ ਜਾਂਦਾ ਹੈ ਕਿ-

ਉਚੜਾ ਬੁਰਜ ਲਾਹੌਰ ਦਾ ਸੋਹਣਿਆਂ 

ਹੇਠ ਵਧੇ ਦਰਿਆ.. ਵੇ ਸੋਹਣਿਆਂ.. ਹੇਠ ਵਗੇ ਦਰਿਆ


ਦੇਖੋ ਹੋਰ ਗੀਤ-

ਸੁਖੀ ਵਸੇ ਕਸ਼ਮੀਰ, ਮੁੱਕੇ ਰੇੜਕਾ ਪਿਸ਼ੌਰ ਦਾ 

ਕਰੀ ਕਿਤੇ ਮੇਲ ਰੱਬਾ, ਦਿੱਲੀ ਤੇ ਲਾਹੌਰ ਦਾ 


ਇਸੇ ਤਰ੍ਹਾਂ ਹੋਰ ਵੰਨਗੀ

ਪੈਂਡੇ ਦੂਰ ਪਿਸ਼ੌਰਾਂ ਦੇ ਹੋ...ਪੈਂਡੇ ਦੂਰ ਪਿਸ਼ੌਰਾਂ ਦੇ 

ਵਾਹਗੇ ਦੇ ਬਾਰਡਰ ਤੇ ਰਾਹ ਪੁੱਛਦੀ ਲਾਹੌਰਾਂ ਦੇ


ਹੋਰ ਨਵੇਂ ਗੀਤ

ਮੈਨੂੰ ਫੇਰ ਦੁਬਾਰਾ ਬਾਪੂ ਗੱਲਾਂ ਦੱਸ ਲਾਹੌਰ ਦੀਆਂ...

ਜਾਂ ਇਹ ਵੀ ਹੈ

ਲੱਗਦੀ ਲਾਹੌਰ ਦੀ ਐ...

ਜਿਸ ਹਿਸਾਬ ਨਾ' ਹੱਸਦੀ ਐ...

ਲੱਗਦੀ ਪੰਜਾਬ ਦੀ ਐ...

ਜਿਸ ਹਿਸਾਬ ਨਾ' ਜੱਚਦੀ ਐ..


ਦੇਖੋ ਹੋਰ ਮਸ਼ਹੂਰ ਗੀਤ

ਐਡਾ ਕਿਹੜਾ ਕਨੇਡਾ ਦੱਸ ਲਾਹੌਰ ਵੇ

ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ


ਲੋਕ ਖੇਡਾਂ ਵਿਚ ਲਾਹੌਰ  

ਹੋਰ ਸਾਹਿਤ ਰੂਪਾਂ ਵਾਂਗ ਸਾਡੀਆਂ ਲੋਕ ਖੇਡਾਂ ਵਿਚ ਲਾਹੌਰ ਦਾ ਜਿਕਰ ਵਿਸ਼ੇਸ਼ ਤੌਰ ’ਤੇ ਮਿਲਦਾ ਹੈ, ਜਿਵੇਂ ਕਿ-

ਅੰਬੇ ਨੀ ਮਾਏ ਅੰਬੇ 

ਮੇਰੇ ਸੱਤ ਭਰਾ ਮੰਗੇ 

ਮੇਰਾ ਇੱਕ ਭਰਾ ਕੁਆਰਾ 

ਉਹ ਚੌਪਟ ਖੇਡਣ ਵਾਲਾ 

ਉਹ ਚੌਪਟ ਕਿੱਥੇ ਖੇਡੇ 

ਲਾਹੌਰ ਸ਼ਹਿਰ ਖੇਡੇ 

ਲਾਹੌਰ ਸ਼ਹਿਰ ਉੱਚਾ 

ਮੈਂ ਮਨ ਪਕਾਇਆ ਸੁੱਚਾ 

ਮੇਰੇ ਮਨ ਨੂੰ ਲੱਗੇ ਮੋਤੀ 

ਮੈਂ ਗਲੀਆਂ ਵਿੱਚ ਖਲੋਤੀ 

ਮੈਂ ਵੱਡੇ ਬਾਬੇ ਦੀ ਪੋਤੀ


ਇਕ ਹੋਰ ਖੇਡ ਹੈ ਜਿਸ ਵਿਚ ਬੱਚੇ ਖਾਸ ਆਸਣ ਵਿਚ ਬੈਠੇ ਦੂਜੇ ਬੱਚੇ ਨੂੰ ਚੁੱਕ ਕੇ ਪਰ੍ਹਾਂ ਸੁੱਟਦੇ ਹਨ ਅਤੇ  ਇਹ ਕਿਹਾ ਜਾਂਦਾ ਹੈ ਕਿ- 

ਲਾਹੌਰ ਜਾਣਾ ਹੈ ਕਿ ਪਿਛੌਰ....


ਲੋਕ ਬੋਲੀਆਂ ਵਿੱਚ ਲਾਹੌਰ 

ਊਠਾਂ ਵਾਲਿਓ ਵੇ ਊਠ ਲੱਦੇ ਜੇ ਲਾਹੌਰ ਨੂੰ... 

ਕੱਲੀ ਕੱਤਾਂ ਵੇ ਘਰ ਘੱਲਿਓ ਮੇਰੇ ਭੌਰ ਨੂੰ...


ਪੰਜਾਬੀ ਲੋਕ ਧਾਰਾ ਵਿਚਲੇ ਕਿੱਸੇ, ਕਵਿਤਾਵਾਂ ਅਤੇ ਲੋਕ ਗਾਥਾਵਾਂ ਵਿੱਚ ਲਾਹੌਰ ਦਾ ਜ਼ਿਕਰ 


ਬੁੱਲੇ ਸ਼ਾਹ ਦੀਆਂ ਰਚਨਾਵਾਂ ਵਿੱਚ ਲਾਹੌਰ


ਬਾਬਾ ਬੁੱਲੇ ਸ਼ਾਹ ਦੀਆਂ ਰਚਨਾਵਾਂ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਅਕਸਰ ਮਿਲਦਾ ਹੈ। ਮੇਰੀ ਬੁੱਕਲ ਦੇ ਵਿੱਚ ਚੋਰ ਕਵਿਤਾ ਦੇ ਵਿੱਚ ਉਹ ਲਾਹੌਰ ਦਾ ਜਿਕਰ ਕਰਦੇ ਲਿਖਦੇ ਹਨ ਕਿ- 

ਕਿਤੇ ਰਾਮ ਦਾਸ ਕਿਤੇ ਫਤਿਹ ਮੁਹੰਮਦ ਇਹੋ ਕਦੀਮੀ ਸ਼ੋਰ 

ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ 

ਅਰਸ਼-ਮਨੱਵਰ ਬਾਗਾਂ ਮਿਲੀਆਂ ਸੁਣੀਆਂ ਤਖਤ ਲਾਹੌਰ 

ਸ਼ਾਹ ਅਨਾਇਤ ਕੁੰਡੀਆਂ ਪਾਈਆਂ ਲੁਕ-ਛੁਪ ਖਿੱਚਦਾ ਡੋਰ 

ਜਿਸ ਢੂੰਡਿਆ ਤਿਸੁ ਨੇ ਪਾਇਆ ਨਾ ਝੂਰ ਝੂਰ ਹੋਆ ਮੋਰ 

ਪੀਰ-ਪੀਰਾਂ ਬਗਦਾਦ ਅਸਾਡਾ ਮੁਰਸ਼ਦ ਤਖਤ ਲਾਹੌਰ


ਲਾਹੌਰ ਦਾ ਜ਼ਿਕਰ ਕਰਦੇ ਹੋਏ ਉਹ ਇੱਕ ਰਚਨਾ ਵਿੱਚ ਲਿਖਦੇ ਹਨ ਕਿ- 

ਅਸਾਂ ਹੁਣ ਪਾਇਆ ਤਖਤ ਲਾਹੌਰ... ਮੇਰੇ ਘਰ ਆਇਆ ਪੀਆ ਹਮਾਰਾ 


ਇਕ ਥਾਂ ਲਿਖਦੇ ਹਨ ਕਿ-

ਡਾਢੀ ਕੀਤੀ ਲਾਪਰਵਾਹੀ ਮੈਨੂੰ ਮਿਲ ਗਿਆ ਠੱਗ ਲਾਹੌਰ


ਸ਼ਾਮ ਮੁਹੰਮਦ ਦੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਲਾਹੌਰ 


ਸ਼ਾਮ ਮੁਹੰਮਦ ਆਪਣੀ ਰਚਨਾ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਿੱਚ ਲਾਹੌਰ ਦਾ ਜਿਕਰ ਕਰਦਿਆਂ ਸ਼ਾਹ ਮੁਹੰਮਦ ਲਿਖਦਾ ਹੈ ਕਿ-

 

ਚੜ੍ਹੇ ਲਾਹੌਰ  ਥੀਂ ਮਾਰ ਧੌਂਸੇ, ਸਭੇ ਗੱਭਰੂ ਨਾਲ ਹੰਕਾਰ ਤੁਰਦੇ 

ਉਰੇ ਦੋਹਾਂ ਦਰਿਆਵਾਂ ’ਤੇ ਨਹੀਂ ਅਟਕੇ ਪੱਤਣ ਲੰਘੇ ਨੀ ਜਾ ਫਿਰੋਜਪੁਰ ਦੇ


ਵਾਰਿਸ ਸ਼ਾਹ ਦੀ ਹੀਰ ਵਿੱਚ ਲਾਹੌਰ 

ਕੇਹੀ ਹੀਰ ਦੀ ਕਰੇ ਤਰੀਫ ਸ਼ਾਇਰ 

ਮੱਥਾ ਚਮਕਦਾ ਹੁਸਨ ਮਹਿਤਾਬ ਦਾ ਜੀ 

ਖੂਨੀ ਚੂੰਡੀਆਂ ਰਾਤ ਜਿਉਂ ਚੰਨ ਗਿਰਦੇ 

ਸੁਰਖ ਰੰਗ ਜਿਉ ਰੰਗ ਸਹਾਬ ਦਾ ਜੀ 

ਨੈਣ ਨਰਗਸੀ ਮਿਰਗ ਮਮੋਲੜੇ ਦੇ 

ਗੱਲ੍ਹਾਂ ਟਹਿਕੀਆਂ ਫੁੱਲ ਗੁਲਾਬ ਦਾ ਜੀ 

ਭਵਾ ਵਾਂਗ ਕਮਾਨ ਲਾਹੌਰ  ਦੇ ਸਨ 

ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ 

ਸੁਰਮਾ ਨੈਣਾਂ ਦੀ ਧਾਰ ਵਿੱਚ ਫਬ ਰਹਿਆ 

ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ

 

ਦੇਖੋ ਹੋਰ ਵਨਗੀ 

ਜੋਗੀ ਹੀਰ ਦੇ ਸਾਹੁਰੇ ਜਾਏ ਵੜਿਆ 

ਭੁੱਖਾ ਬਾਜ ਜਾਂ ਫਿਰੇ ਲਲੋਰਦਾ ਜੀ 

ਆਇਆ ਖੁਸ਼ੀ ਦੇ ਨਾਲ ਦੋ ਚੰਦ ਹੋ ਕੇ 

ਸੂਬੇਦਾਰ ਜੋ ਨਵਾਂ ਲਾਹੌਰ ਦਾ ਜੀ


ਲੋਕ ਗਾਥਾਵਾਂ ਵਿਚ ਲਾਹੌਰ ਦਾ ਜਿਕਰ

ਪੰਜਾਬੀ ਲੋਕ ਧਾਰਾ ਦੀਆਂ ਅਨੇਕਾਂ ਲੋਕ ਗਾਥਾਵਾਂ ਵਿੱਚ ਵੀ ਲਾਹੌਰ ਦਾ ਜ਼ਿਕਰ ਬੜਾ ਪਰਬਲ ਹੈ। ਜਿਵੇਂ ਕਿ ਦੁੱਲੇ ਭੱਟੀ ਅਤੇ ਨੰਦੀ ਮਹਿਰੀ ਦੀ ਆਪਸੀ ਵਾਰਤਾਲ ਦਾ ਇਹ ਨਮੂਨਾ- 

ਇੱਥੇ ਜੋਰ ਦਿਖਾਂਵਦਾ ਔਰਤਾਂ ਨੂੰ 

ਤੈਨੂੰ ਰਤੀ ਹਯਾ ਨਾ ਆਂਵਦਾ ਜੇ 

ਤੇਰੇ ਬਾਪੂ ਦਾਦਾ ਦੀਆਂ ਸ਼ਾਹ ਅਕਬਰ 

ਖੱਲਾਂ ਪੁੱਠੀਆਂ ਚਾ ਲੁਹਾਂਵਦਾ ਜੇ 

ਅੱਜ ਤੀਕ ਲਾਹੌਰ ਚ ਲਟਕ ਰਹੀਆਂ 

ਉੱਥੇ ਜੋਰ ਨਾ ਕਾਸਨੂੰ ਜਾਂਵਦਾ ਜੇ


ਅਖਾਣ ਮੁਹਾਵਰਿਆਂ ਵਿਚ ਲਾਹੌਰ

ਭਾਵੇਂ ਕਿ 1947 ਵਿੱਚ ਪੰਜਾਬ ਦੀ ਵੰਡ ਹੋ ਗਈ ਪਰ ਇਸ ਤਰ੍ਹਾਂ ਲੱਗਦਾ ਹੈ ਕਿ ਚੜਦੇ ਪੰਜਾਬ ਦੇ ਲੋਕਾਂ ਦੀ ਰੂਹ ਅੱਜ ਵੀ ਲਾਹੌਰ ਵਿੱਚ ਘੁੰਮ ਰਹੀ ਹੈ।

ਇਸੇ ਦੀ ਪੂਰਤੀ ਲਈ ਉਨ੍ਹਾਂ ਨੇ 1947 ਦੀ ਵੰਡ ਤੋਂ ਬਾਅਦ ਲਾਹੌਰ ਸ਼ਹਿਰ ਦੀ ਤਰਜ ’ਤੇ ਕਲਾਨੌਰ ਸ਼ਹਿਰ ਵਸਾਇਆ। ਜਿਸ ਦੇ ਨਾਲ ਜੁੜਿਆ ਇਕ ਅਖਾਣ ਵੀ ਪ੍ਰਸਿੱਧ ਹੈ, ਕਿ-


ਜਿਹਨੇ ਵੇਖਿਆ ਨਹੀਂ ਲਾਹੌਰ, ਉਹ ਵੇਖੇ ਕਲਾਨੌਰ


ਦੇਖੋ ਲਾਹੌਰ ਸ਼ਹਿਰ ਨਾਲ ਜੁੜੇ ਹੋਰ ਅਖਾਣ-


ਡੇਢ ਕੌਡੀ ਨਿਉਂਦਰਾ, ਤੇ ਲਾਹੌਰੋਂ ਗਾਉਂਦੀ ਆਈ।


ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ 


ਲੰਙਾ ਟੱਟੂ , ਲਹੌਰ ਦਾ ਦਾਈਆ  


ਲਾਹੌਰ ਦੇ ਸ਼ੌਂਕੀ, ਬੋਝੇ ਵਿੱਚ ਗਾਜਰਾਂ 


ਲੱਕ ਬੱਧਾ ਰੋੜਿਆਂ ਨਾਲ, ਮੰਨਾ ਕੋਲ ਲਾਹੌਰ


 ਨਵੀਆਂ ਕਵਿਤਾਵਾਂ ਵਿੱਚ ਲਾਹੌਰ 

ਲਾਹੌਰ ਸਾਥੋਂ ਖੁਸਿਆ ਝਨਾਬ ਦੂਰ ਹੋ ਗਿਆ 

ਸੱਜਣਾਂ ਪੰਜਾਬ ਤੋਂ ਪੰਜਾਬ ਦੂਰ ਹੋ ਗਿਆ


ਗੁਰਬਾਣੀ ਵਿਚ ਲਾਹੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਵਿਚ ਵੀ ਲਾਹੌਰ ਸ਼ਹਿਰ ਦਾ ਜਿਕਰ ਖਾਸ ਸੰਦਰਭ ਵਿਚ ਕੀਤਾ ਗਿਆ ਹੈ। ਲਾਹੌਰ ਸ਼ਹਿਰ ਦਾ ਜਿਕਰ ਕਰਦੇ ਗੁਰਬਾਣੀ ਵਿਚ ਦਰਜ ਸਲੋਕ ਇਸ ਪ੍ਰਕਾਰ ਹਨ।


ਮਹਲਾ  ੧॥ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥


ਮਹਲਾ ੩॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ੨੮ ॥ (੧੪੧੨)


ਇਸ ਵਿਚ ਪਹਿਲਾ ਸਲੋਕ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਹੈ ਅਤੇ ਦੂਜਾ ਸਲੋਕ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਹੈ। ਇਹ ਦੋਵੇਂ ਸਲੋਕ ਵਾਰਾਂ ਤੇ ਵਧੀਕ ਵਿਚ (ਪੰ: ੧੪੧੨) ਤੇ ਦਰਜ ਹਨ। ਕਿਹਾ ਜਾਂਦਾ ਹੈ ਕਿ ਪਹਿਲਾ ਸਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਹਮਲੇ ਦੌਰਾਨ ਮੁਗਲਾਂ ਦੇ ਅੱਤਿਆਚਾਰ ਕਾਰਨ ਹੋਈ ਤਬਾਹੀ ਅਤੇ ਲਾਹੌਰ ਸ਼ਹਿਰ ਦੀ ਹਾਲਤ ਨੂੰ ਬਿਆਨ ਕਰਦੇ ਹੋਏ ਲਿਖਿਆ ਸੀ ਕਿ 

ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥ 

ਇਸ ਤੋਂ ਬਾਅਦ ਜਦੋਂ ਹਾਲਾਤ ਬਦਲੇ ਅਤੇ ਮਾਹੌਲ ਥੋੜਾ ਸਥਿਰ ਹੋਇਆ ਤਾਂ ਤੀਜੇ ਪਾਤਸ਼ਾਹ  ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨੇ ਇਸੇ ਸੰਦਰਭ ਵਿੱਚ ਇੱਕ ਹੋਰ ਸਲੋਕ ਦਾ ਉਚਾਰਨ ਕੀਤਾ ਅਤੇ ਕਿਹਾ ਕਿ 

ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥


ਸਿਰਲੇਖ

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਲਾਹੌਰ ਸ਼ਹਿਰ ਪੰਜਾਬੀ ਲੋਕ ਧਾਰਾ ਅਤੇ ਪੰਜਾਬੀ ਮਨਾਂ ਵਿੱਚ ਬਹੁਤ ਡੂੰਘਾ ਵੱਸਿਆ ਹੋਇਆ ਹੈ। ਸਾਡੇ ਹਰ ਸਾਹਿਤ ਰੂਪ ਵਿੱਚ ਲਾਹੌਰ ਸ਼ਹਿਰ ਦਾ ਜ਼ਿਕਰ ਬਾਖੂਬੀ ਕੀਤਾ ਮਿਲਦਾ ਹੈ, ਇਹ ਸਾਹਿਤ ਰੂਪ ਭਾਵੇਂ ਕੋਈ ਗੀਤ, ਕਵਿਤਾ, ਅਖਾਣ, ਮੁਹਾਵਰਾ, ਲੇਖ, ਵਾਰਤਾ, ਨਾਟਕ ਜਾਂ ਕੁਝ ਵੀ ਹੋਵੇ ਇਸ ਵਿਚ ਲਾਹੌਰ ਸ਼ਹਿਰ ਦਾ ਜਿਕਰ ਜਰੂਰ ਮਿਲਦਾ ਹੈ। ਲਾਹੌਰ ਸ਼ਹਿਰ ਦੇ ਨਾਲ ਜੁੜੇ ਹੋਏ ਅਨੇਕਾਂ ਨਾਟਕ ਅਤੇ ਰਿਸਰਚਸ ਉਪਲਬਧ ਹਨ। ਇਨਾਂ ਨਾਟਕਾਂ ਦੇ ਵਿੱਚ ਨਜਮ ਹੁਸੈਨ ਸਈਅਦ ਦੇ ਪ੍ਰਸਿੱਧ ਨਾਟਕ ‘ਤਖਤ ਲਾਹੌਰ ਦਾ’ ਵਿਸ਼ੇਸ਼ ਜਿਕਰ ਕੀਤਾ ਹੈ।

ਜਾਣਕਾਰੀ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰੋ

ਇਹ ਵੀ ਪੜ੍ਹੋ - ਘੜਾ : ਪੰਜਾਬੀ ਲੋਕ ਧਾਰਾ ਅਤੇ ਗੁਰਬਾਣੀ ਵਿਚ ਘੜੇ ਦੀ ਕਿੰਨੀ ਮਹੱਤਤਾ ?

ਜਸਬੀਰ ਵਾਟਾਂਵਾਲੀਆ

ਲਾਹੌਰ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਵਿਕੀਪੀਡੀਆ ਦੇ ਇਸ ਲਿੰਕ ’ਤੇ ਕਲਿਕ ਕਰੋ

ਇਹ ਵੀ ਪੜ੍ਹੋ - ਛੱਜ : ਬਾਰੇ ਕੀ ਕਹਿੰਦੀ ਹੈ ਗੁਰਬਾਣੀ ਅਤੇ ਪੰਜਾਬੀ ਲੋਕ ਧਾਰਾ ?